ਇਲਾਹਾਬਾਦ: ਕਾਂਗਰਸ ਨੇਤਾ ਤੇ ਪਾਰਟੀ ਦੇ ਸੀਨੀਅਰ ਲੀਡਰ ਗੁਲਾਮ ਨਬੀ ਆਜ਼ਾਦ ਨੇ ਇਲਾਹਾਬਾਦ 'ਚ ਰਾਹੁਲ ਗਾਂਧੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਸ ਸਾਲ ਪਾਰਟੀ ਪ੍ਰਧਾਨ ਬਣਨਗੇ ਤੇ ਇਸ ਬਾਰੇ ਪਾਰਟੀ ਫੈਸਲਾ ਲੈ ਚੁੱਕੀ ਹੈ। ਦੱਸ ਦਈਏ ਕਿ ਇਹ ਬਿਆਨ ਇਸ ਲਈ ਵੀ ਖਾਸ ਹੈ ਕਿਉਂਕਿ ਪਹਿਲੀ ਵਾਰ ਕਾਂਗਰਸ ਦੇ ਕਿਸੇ ਵੱਡੇ ਨੇਤਾ ਨੇ ਨਹਿਰੂ ਪਰਿਵਾਰ ਦੀ ਪੁਸ਼ਤੈਨੀ ਧਰਤੀ 'ਤੇ ਕਿਹਾ ਹੈ ਕਿ ਜਲਦੀ ਹੀ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ 'ਚ ਵੱਡੇ ਬਦਲਾਅ ਹੋਣਗੇ, ਇਸ ਨੂੰ ਲੈ ਕੇ ਪਾਰਟੀ ਤਿਆਰ ਹੈ।
ਸੀਨੀਅਰ ਕਾਂਗਰਸੀ ਲੀਡਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਰਾਹੁਲ ਗਾਂਧੀ ਇਸੇ ਸਾਲ ਪਾਰਟੀ ਦੇ ਪ੍ਰਧਾਨ ਚੁਣੇ ਜਾਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਉਨ੍ਹਾਂ ਨੂੰ ਪ੍ਰਧਾਨ ਚੁਣੇ ਜਾਣ ਦਾ ਫੈਸਲਾ ਹੋ ਚੁੱਕਿਆ ਹੈ। ਆਜ਼ਾਦ ਨੇ ਕਿਹਾ ਕਿ ਜਲਦ ਇਸ ਦਾ ਐਲਾਨ ਵੀ ਸਕਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਗੁਲਾਮ ਨਬੀ ਆਜ਼ਾਦ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਨਮ ਸ਼ਤਾਬਦੀ ਸਾਲ ਮੌਕੇ ਹੋਣ ਵਾਲੇ ਪ੍ਰੋਗਰਾਮ 'ਚ ਸ਼ਾਮਲ ਹੋਣ ਤੇ ਨਿਗਮ ਚੋਣਾਂ 'ਚ ਪਾਰਟੀ ਦੇ ਹੱਕ 'ਚ ਪ੍ਰਚਾਰ ਕਰਨ ਇਲਾਹਾਬਾਦ ਪੁੱਜੇ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਟਾਈਮ ਤੋਂ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ 'ਤੇ ਜ਼ੋਰ-ਸ਼ੋਰ ਨਾਲ ਚਰਚਾ ਹੋ ਰਹੀ ਹੈ। ਇਸ ਨੂੰ ਲੈ ਕੇ ਸੋਨੀਆ ਗਾਂਧੀ ਨੇ ਵੀ ਬਿਆਨ ਦਿੱਤਾ ਸੀ ਕਿ ਰਾਹੁਲ ਗਾਂਧੀ ਨੂੰ ਜਲਦ ਪ੍ਰਮੋਟ ਕੀਤਾ ਜਾਵੇਗਾ। ਇਸ ਦੌਰਾਨ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਗੁਜਰਾਤ ਚੋਣਾਂ ਨੂੰ ਵੇਖਦੇ ਹੋਏ ਰਾਹੁਲ ਦੀ ਤਾਜਪੋਸ਼ੀ ਟਾਲ ਦਿੱਤੀ ਗਈ ਹੈ। ਪਾਰਟੀ ਦੇ ਵੱਡੇ ਲੀਡਰਾਂ 'ਚ ਹੁਣ ਰਾਹੁਲ ਨੂੰ ਨਵੀਂ ਜ਼ੁੰਮੇਵਾਰੀ ਦੇਣ ਲਈ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ। ਸਾਲ 2019 ਦੀਆਂ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਪਾਰਟੀ ਦੇ ਯੂਥ ਲੀਡਰ ਜਲਦ ਤੋਂ ਜਲਦ ਰਾਹੁਲ ਨੂੰ ਪ੍ਰਧਾਨ ਬਣਾਏ ਜਾਣ ਦੇ ਪੱਖ 'ਚ ਖੜ੍ਹੇ ਹਨ।