ਇੰਦੌਰ: ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਲਾਸਟਿਕ ਦੇ ਬੈਗ ਵਿੱਚ ਨਵਜੰਮੀ ਬੱਚੀ ਮਿਲੀ। ਦਰਅਸਲ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਗਰਭਵਤੀ ਹੋਈ ਕੁੜੀ ਨੇ ਸਮਾਜ ਦੇ ਡਰ ਦੇ ਚੱਲਦਿਆਂ ਪੈਦਾ ਹੋਈ ਨਵਜੰਮੀ ਬੱਚੀ ਨੂੰ ਤੁਰੰਤ ਰਾਖ ਵਿੱਚ ਦਬਾ ਕੇ ਉਸ ਤੋਂ ਬਾਅਦ ਕੂੜੇ ਵਿੱਚ ਸੁੱਟ ਦਿੱਤਾ। ਨਵਜੰਮੀ ਬੱਚੀ ਨੂੰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜਿਸ ਗਲੀ ਵਿੱਚ ਬੱਚੀ ਮਿਲੀ ਹੈ, ਉਸ ਗਲੀ 'ਚ ਰਹਿਣ ਵਾਲੀ ਇੱਕ ਔਰਤ ਮੁਤਾਬਕ ਦੋ ਔਰਤਾਂ ਗਲੀ ਵਿੱਚੋਂ ਲੰਘੀਆਂ ਸਨ। ਉਸ ਨੇ ਉਨ੍ਹਾਂ 'ਚੋਂ ਇੱਕ ਦੇ ਹੱਥ ਵਿੱਚ ਇਹ ਪਲਾਸਟਿਕ ਬੈਗ ਵੇਖਿਆ ਸੀ। ਉਸ ਤੋਂ ਬਾਅਦ ਉਹ ਦੋਵੇਂ ਕਿੱਥੇ ਗਈਆਂ, ਇਸ ਬਾਰੇ ਉਹ ਨਹੀਂ ਜਾਣਦੀ। ਇੱਕ ਨੌਜਵਾਨ ਨੇ ਗਲੀ ਵਿੱਚ ਕੂੜੇ ਕੋਲ ਪਏ ਇਸ ਬੈਗ ਵਿੱਚ ਕੋਈ ਹਿੱਲਜੁੱਲ ਹੁੰਦੀ ਦੇਖੀ ਤਾਂ ਉਸ ਨੇ ਬੈਗ ਨੂੰ ਖੋਲ੍ਹਿਆ। ਜਦੋਂ ਬੈਗ ਵਿੱਚ ਨਵਜੰਮੀ ਬੱਚੀ ਦੇਖੀ ਤਾਂ ਉਹ ਵੀ ਇਕਦਮ ਹੈਰਾਨ ਹੋ ਗਿਆ। ਉਸ ਨੇ ਤੁਰੰਤ ਆਸਪਾਸ ਦੇ ਲੋਕਾਂ ਨੂੰ ਇਹ ਖ਼ਬਰ ਦੱਸੀ। ਲੋਕਾਂ ਨੇ ਜਦੋਂ ਥੈਲੇ ਨੂੰ ਖੋਲ੍ਹ ਕੇ ਦੇਖਿਆ ਤਾਂ ਬੱਚੀ ਰਾਖ ਵਿੱਚ ਲਿਪਟੀ ਹੋਈ ਸੀ।
ਲੋਕਾਂ ਨੇ ਬੱਚੀ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਉਸ ਦਾ ਇਲਾਜ ਸ਼ੁਰੂ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਬੱਚੀ ਨੂੰ ਜਨਮ ਤੋਂ ਅੱਧੇ ਜਾਂ ਇੱਕ ਘੰਟੇ ਬਾਅਦ ਸੁੱਟ ਦਿੱਤਾ ਗਿਆ ਸੀ। ਉਸਦੀ ਨਾੜੂ ਵੀ ਉਸ ਨਾਲ ਹੀ ਜੁੜਿਆ ਹੋਇਆ ਸੀ। ਬੱਚੀ ਦਾ ਵਜ਼ਨ ਕਰੀਬ 2 ਕਿਲੋ ਹੈ ਤੇ ਉਹ ਫਿਲਹਾਲ ਠੀਕ-ਠਾਕ ਹੈ।