ਨਵੀਂ ਦਿੱਲੀ- ਭਾਰਤ ਦੀ ਰਾਜਧਾਨੀ ਦਿੱਲੀ ਦੀ ਹਵਾ ਜਹਰਿਲੀ ਹੁੰਦੀ ਜਾਣ ਨਾਲ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਤੋਂ ਬਚਣ ਲਈ ਲੋਕ ਸੜਕਾਂ ਉੱਤੇ ਨਿਕਲ ਰਹੇ ਮਾਸਕ ਪਹਿਨੇ ਨਜ਼ਰ ਆ ਰਹੇ ਸਨ। ਹੁਣ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਮਾਸਕ ਪਹਿਨਾ ਦਿੱਤਾ ਗਿਆ।
ਆਮ ਆਦਮੀ ਪਾਰਟੀ ਦੇ ਸਸਪੈਂਡ ਕੀਤੇ ਹੋਏ ਵਿਧਾਇਕ ਕਪਿਲ ਮਿਸ਼ਰਾ ਤੇ ਭਾਰਤੀ ਜਨਤਾ ਪਾਰਟੀ ਦੀ ਟਿਕਟ ਉੱਤੇ ਜਿੱਤੇ ਹੋਏ ਬਾਦਲ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਮਹਾਤਮਾ ਗਾਂਧੀ ਨੂੰ ਵੀ ਮਾਸਕ ਪਹਿਨਾ ਦਿੱਤਾ। ਪ੍ਰਦਰਸ਼ਨ ਕਰਦੇ ਦੋਵਾਂ ਨੇਤਾਵਾਂ ਨੇ ਜਦੋਂ ਓਥੇ ਕੁਝ ਮੂਰਤੀਆਂ ਨੂੰ ਮਾਸਕ ਪੁਆਇਆ ਤਾਂ ਦੋਵਾਂ ਨੇਤਾਵਾਂ ਨੂੰ ਚਾਣਕਿਅਪੁਰੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਵਰਨਣ ਯੋਗ ਹੈ ਕਿ ਕਪਿਲ ਮਿਸ਼ਰਾ ਅਤੇ ਮਨਜਿੰਦਰ ਸਿੰਘ ਸਿਰਸਾ ਅੱਜ ਦਿੱਲੀ ਦੇ ਵਧਦੇ ਪ੍ਰਦੂਸ਼ਣ ਉੱਤੇ ਕਾਬੂ ਨਾ ਪਾ ਸਕਣ ਦੇ ਲਈ ਆਪ ਪਾਰਟੀ ਦੀ ਸਰਕਾਰ ਉੱਤੇ ਅਸਫਲਤਾ ਦੋਸ਼ ਲਾਉਂਦੇ ਹੋਏ ਵਿਰੋਧ ਜਤਾਉਣ ਦੀ ਕੜੀ ਵਿੱਚ ਜਦੋਂ ਮਹਾਤਮਾ ਗਾਂਧੀ ਦੀ ਮੂਰਤੀ ਕੋਲ ਪੁੱਜੇ ਤਾਂ ਉਨ੍ਹਾਂ ਨੇ ਗਾਂਧੀ ਮੂਰਤੀ ਅਤੇ ਕੁਝ ਹੋਰ ਮੂਰਤੀਆਂ ਨੂੰ ਮਾਸਕ ਪੁਆਇਆ।
ਆਪ ਪਾਰਟੀ ਵਿੱਚੋਂ ਸਸਪੈਂਡ ਕੀਤੇ ਹੋਏ ਵਿਧਾਇਕ ਕਪਿਲ ਮਿਸ਼ਰਾ ਅਤੇ ਅਕਾਲੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਦੀ ਥਾਂ ਮੌਜੂਦਾ ਸਰਕਾਰ ਹਰਿਆਣਾ ਤੇ ਪੰਜਾਬ ਸਰਕਾਰ ਨਾਲ ਮੁਲਾਕਾਤ ਕਰਨ ਦੀ ਗੱਲ ਕਹਿੰਦੀ ਹੈ, ਪਰ ਜ਼ਮੀਨੀ ਪੱਧਰ ਉੱਤੇ ਕੁੱਝ ਨਹੀਂ ਕੀਤਾ ਜਾ ਰਿਹਾ।