ਸ਼ਿਮਲਾ: ਚਰਚਿਤ ਗੁੜੀਆ ਸਮੂਹਕ ਬਲਾਤਕਾਰ ਤੇ ਕਤਲ ਮਾਮਲੇ ਵਿੱਚ ਸੀ.ਬੀ.ਆਈ. ਨੇ ਅੱਜ ਤਤਕਾਲੀ ਐਸ.ਪੀ. ਡੀ. ਡਬਲਿਊ ਨੇਗੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਬਲਾਤਕਾਰ ਮਾਮਲੇ ਵਿੱਚ ਮੁਲਜ਼ਮ ਸੂਰਜ ਦੀ ਥਾਣੇ ਵਿੱਚ ਹੱਤਿਆ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਨੇਗੀ ਦੀ ਗ੍ਰਿਫਤਾਰੀ ਲਈ ਸੀ.ਬੀ.ਆਈ. ਨੇ ਉਸ ਦੇ ਫ਼ੋਨ ਕਾਲਜ਼ ਦੇ ਵੇਰਵਿਆਂ ਨੂੰ ਹੀ ਆਧਾਰ ਬਣਾਇਆ ਹੈ। ਗੁੜੀਆ ਕੇਸ ਦੀ ਜਾਂਚ ਲਈ ਬਣੀ ਐੱਸ.ਆਈ.ਟੀ. ਦੇ ਆਈ.ਜੀ. ਤੇ ਡੀ.ਐੱਸ.ਪੀ. ਸਮੇਤ ਅੱਠ ਪੁਲਿਸਵਾਲੇ ਪਹਿਲਾਂ ਹੀ ਜੇਲ੍ਹ ਵਿੱਚ ਹਨ।

ਚਾਰ ਮਹੀਨੇ ਪਹਿਲਾਂ ਜਦੋਂ ਇਹ ਘਟਨਾ ਹੋਈ ਸੀ ਤਾਂ ਨੇਗੀ ਸ਼ਿਮਲਾ ਦੇ ਪੁਲਿਸ ਕਪਤਾਨ ਵਜੋਂ ਤੈਨਾਤ ਸੀ। ਉਸ ਸਮੇਂ ਹੱਲਾ-ਗੁੱਲਾ ਹੋਣ ਤੇ ਹਿੰਸਾ ਤੋਂ ਬਾਅਦ ਉਸ ਨੂੰ ਹਟਾ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਬੀਤੀ 4 ਜੁਲਾਈ ਨੂੰ ਦਸਵੀਂ ਜਮਾਤ ਦੀ 15 ਸਾਲਾ ਵਿਦਿਆਰਥਣ ਨੂੰ ਸਥਾਨਕ 5 ਨੌਜਵਾਨ ਸਕੂਲ ਤੋਂ ਘਰ ਵਾਪਸ ਆਉਂਦੀ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਸੀ। ਵਾਕਫ਼ ਹੋਣ ਕਾਰਨ ਸਕੂਲੀ ਬੱਚੇ ਅਕਸਰ ਮੁਲਜ਼ਮ ਚਾਲਕ ਰਾਜੂ ਨਾਲ ਉਸ ਦੀ ਗੱਡੀ ਵਿੱਚ ਚਲੇ ਜਾਂਦੇ ਸੀ। ਉਸ ਦਿਨ ਉਸ ਨਾਲ 4 ਨੌਜਵਾਨ ਹੋਰ ਵੀ ਮੌਜੂਦ ਸਨ।

ਰਾਜੂ ਕਿਸੇ ਦਾ ਸਮਾਨ ਛੱਡਣ ਚੱਲਿਆ ਸੀ ਤਾਂ ਇਸ ਤੋਂ ਬਾਅਦ ਰਸਤੇ ਵਿੱਚ ਗੱਡੀ ਰੋਕ ਉਸ ਨੇ ਆਪਣੇ ਸਾਥੀਆਂ ਨਾਲ ਗੱਲਬਾਤ ਕੀਤੀ ਤੇ ਉਹ ਗੁੜੀਆ ਨੂੰ ਜੰਗਲ ਵਿੱਚ ਘੜੀਸ ਕੇ ਲੈ ਗਏ। ਇੱਥੇ ਮੁਲਜ਼ਮ ਰਾਜੂ ਸਮੇਤ 5 ਨੌਜਵਾਨਾਂ ਨੇ ਵਾਰ-ਵਾਰ ਉਸ ਨਾਲ ਬਲਾਤਕਾਰ ਕੀਤਾ।

ਨਸ਼ੇ ਵਿੱਚ ਹੋਣ ਕਾਰਨ ਸਾਰੇ ਨੌਜਵਾਨਾਂ ਨੇ ਗੁੜੀਆ ਨਾਲ ਵਹਿਸ਼ੀਆਨਾ ਢੰਗ ਨਾਲ ਬਲਾਤਕਾਰ ਕੀਤਾ। ਇਸੇ ਦੌਰਾਨ ਗੁੜੀਆ ਦਾ ਮੂੰਹ ਮਿੱਟੀ ਵਿੱਚ ਦੱਬ ਜਾਣ ਕਾਰਨ ਉਸ ਨੂੰ ਸਾਹ ਨਾ ਆਉਣ ਕਰ ਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਗੁੜੀਆ ਦੀ ਲਾਸ਼ ਨੂੰ ਉੱਥੇ ਹੀ ਦੱਬ ਦਿੱਤਾ ਸੀ ਤੇ 6 ਜੁਲਾਈ ਨੂੰ ਉਸ ਦੀ ਲਾਸ਼ ਬਰਾਮਦ ਹੋਈ ਸੀ।

ਇਸ ਮਾਮਲੇ ਵਿੱਚ ਪੁਲਿਸ ਦੀ ਭੂਮਿਕਾ ਸ਼ੱਕੀ ਹੋ ਗਈ ਸੀ ਕਿਉਂਕਿ ਮੁਲਜ਼ਮ ਰਾਜੂ ਦੇ ਹਿਰਾਸਤ ਵਿੱਚ ਮੁਲਜ਼ਮ ਸੂਰਜ ਦਾ ਥਾਣੇ ਵਿੱਚ ਕਤਲ ਹੋ ਜਾਂਦਾ ਹੈ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸੀ.ਬੀ.ਆਈ. ਕਰ ਰਹੀ ਹੈ। ਇਸੇ ਕਤਲ ਮਾਮਲੇ ਵਿੱਚ ਸੀ.ਬੀ.ਆਈ. ਨੇ ਤਤਕਾਲੀ ਪੁਲਿਸ ਕਪਤਾਨ ਨੇਗੀ ਨੂੰ ਗ੍ਰਿਫਤਾਰ ਕੀਤਾ ਹੈ।