ਸ਼੍ਰੀਨਗਰ: ਜੰਮੂ-ਕਸ਼ਮੀਰ 'ਚ ਫੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ। ਫੌਜ ਤੇ ਸੂਬੇ ਦੀ ਪੁਲਿਸ ਨੇ ਜੁਆਇੰਟ ਆਪ੍ਰੇਸ਼ਨ ਹਲਨਕੁੰਡ ਤਹਿਤ ਕੁਲਗਾਮ ਸਣੇ ਸੂਬੇ ਦੇ ਹੋਰ ਇਲਾਕਿਆਂ 'ਚੋਂ ਤਿੰਨ ਅੱਤਵਾਦੀਆਂ ਨੂੰ ਜ਼ਿੰਦਾ ਫੜਿਆ ਹੈ। ਇਸ 'ਚ ਇੱਕ ਅੱਤਵਾਦੀ ਜ਼ਖਮੀ ਹੈ। ਇਸ ਵੱਡੀ ਕਾਮਯਾਬੀ 'ਤੇ ਸੈਨਾ ਨੇ ਕਿਹਾ ਹੈ ਕਿ ਜਦ ਤੱਕ ਲੋੜ ਹੋਵੇਗੀ, ਉਦੋਂ ਤੱਕ ਇਹ ਅਭਿਆਨ ਚਲਾਵਾਂਗੇ।
ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਮੁਨੀਰ ਖਾਨ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਅਭਿਆਨ 14 ਨਵੰਬਰ ਤੋਂ ਚੱਲ ਰਿਹਾ ਹੈ। ਇਸ 'ਚ ਹੁਣ ਤੱਕ ਤਿੰਨ ਅੱਤਵਾਦੀ ਫੜੇ ਜਾ ਚੁੱਕੇ ਹਨ। ਖਾਨ ਨੇ ਦੱਸਿਆ ਕਿ ਇਸ 'ਚ ਇੱਕ ਅੱਤਵਾਦੀ ਜ਼ਖਮੀ ਹੈ, ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਨੌਜਵਾਨਾਂ ਨੂੰ ਲਾਲਚ ਦੇ ਕੇ ਅੱਤਵਾਦੀਆਂ ਨਾਲ ਸ਼ਾਮਲ ਕਰਨ ਲਈ ਪਾਕਿਸਤਾਨ ਵੱਲੋਂ ਸੋਸ਼ਲ ਮੀਡੀਆ 'ਤੇ ਵੱਡੇ ਪੈਮਾਨੇ 'ਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਫੌਜ ਨੇ ਕਿਹਾ ਕਿ ਸਾਡੇ ਤੇ ਪੁਲਿਸ 'ਚ ਚੰਗਾ ਤਾਲਮੇਲ ਹੈ। ਜਦੋਂ ਤੱਕ ਲੋੜ ਹੋਈ ਅਸੀਂ ਇਹ ਆਪ੍ਰੇਸ਼ਨ ਚਲਾਉਂਦੇ ਰਹਾਂਗੇ।
ਫੌਜ ਨੇ ਅੱਤਵਾਦੀਆਂ ਨੂੰ ਇਹ ਅਪੀਲ ਵੀ ਕੀਤੀ ਕੀ ਉਹ ਹਿੰਸਾ ਦਾ ਰਸਤਾ ਛੱਡ ਕੇ ਮੇਨਸਟ੍ਰੀਮ 'ਚ ਆਉਣ। ਜ਼ਿਕਰਯੋਗ ਹੈ ਕਿ ਇਸ ਵੇਲੇ ਯੂਥ 'ਚ ਕੱਟੜਪੰਥੀ ਤੇ ਅੱਤਵਾਦੀਆਂ ਨਾਲ ਜੁੜਨ ਦਾ ਟਰੈਂਡ ਚਲ ਰਿਹਾ ਹੈ। ਇਸ ਲਿਸਟ 'ਚ ਨਵਾਂ ਨਾਂ 20 ਸਾਲ ਦੇ ਮਾਜਿਦ ਖਾਨ ਦਾ ਹੈ। ਮਾਜਿਸ ਡਿਸਟ੍ਰਿਕ ਲੈਵਲ ਦਾ ਫੁਟਬਾਲ ਖਿਡਾਰੀ ਰਹਿ ਚੁੱਕਿਆ ਹੈ ਤੇ ਅਨੰਨਤਨਾਗ ਦਾ ਰਹਿਣ ਵਾਲਾ ਹੈ। ਉਸ ਦੇ ਅੱਤਵਾਦੀਆਂ ਨਾਲ ਕੰਮ ਕਰਦੇ ਦੇ ਐਲਾਨ ਤੋਂ ਬਾਅਦ ਪਰਿਵਾਰ, ਰਿਸ਼ਤੇਦਾਰ ਤੇ ਦੋਸਤ ਸਦਮੇ 'ਚ ਹਨ।