ਇੰਦੌਰ: ਅਖਿਲ ਭਾਰਤੀ ਹਿੰਦੂ ਮਹਾਸਭਾ ਨੇ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਦੀ ਮੌਤ ਦੇ ਦਿਨ ਨੂੰ 'ਬਲੀਦਾਨ ਦਿਹਾੜੇ' ਵਜੋਂ ਮਨਾਇਆ। ਇਸ ਲਈ ਹਿੰਦੂ ਮਹਾਸਭਾ ਦੇ ਮੈਂਬਰਾਂ ਨੇ ਇੱਕ ਖਾਸ ਯੱਗ ਵੀ ਕੀਤਾ।
ਮਹਾਸਭਾ ਦੇ ਮੈਂਬਰ ਬੁੱਧਵਾਰ ਸਵੇਰੇ ਹੀ ਜੇਲ੍ਹ ਰੋਡ 'ਤੇ ਬਣੇ ਆਰੀਆ ਸਮਾਜ ਮੰਦਰ 'ਚ ਇਕੱਠੇ ਹੋ ਗਏ ਤੇ ਗੋਡਸੇ ਨੂੰ ਸ਼ਰਧਾਂਜਲੀ ਦਿੱਤੀ। 15 ਨਵੰਬਰ, 1949 ਨੂੰ ਗੋਡਸੇ ਨੂੰ ਅੰਬਾਲਾ ਜੇਲ੍ਹ 'ਚ ਫਾਂਸੀ ਦਿੱਤੀ ਗਈ ਸੀ। ਹਿੰਦੂ ਮਹਾਸਭਾ ਦੇ ਸਟੇਟ ਜਨਰਲ ਸੈਕਟਰੀ ਜਿਤੇਂਦਰ ਸਿੰਘ ਠਾਕੁਰ ਨੇ ਕਿਹਾ ਕਿ ਨਾਥੂਰਾਮ ਗੋਡਸੇ ਦੀ ਮੌਤ ਦੀ ਯਾਦ 'ਚ ਉਨ੍ਹਾਂ ਨੇ ਇਸ ਦਿਨ ਨੂੰ 'ਬਲੀਦਾਨ ਦਿਹਾੜੇ' ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ।
ਠਾਕੁਰ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਇਹ ਘੱਟ ਗਿਣਤੀ ਤੁਸ਼ਟੀਕਰਣ ਦੀ ਨੀਤੀ ਨੂੰ ਸਾਹਮਣੇ ਲਿਆਉਣ ਦੀ ਇਕ ਕੋਸ਼ਿਸ਼ ਹੈ ਜਿਸ ਨੂੰ ਗਾਂਧੀ ਨੇ ਭੜਕਾਇਆ ਸੀ। ਨਾਥੂਰਾਮ ਗੋਡਸੇ ਨੇ 30 ਜਨਵਰੀ, 1948 ਦੀ ਸ਼ਾਮ ਨੂੰ ਦਿੱਲੀ ਦੇ ਬਿਡਲਾ ਹਾਊਸ (ਹੁਣ ਗਾਂਧੀ ਸਮਰਿਤੀ) 'ਚ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਦਿੱਤੀ ਸੀ। ਉਸ ਵੇਲੇ ਗਾਂਧੀ ਸ਼ਾਮ ਦੀ ਪ੍ਰਾਰਥਨਾ ਲਈ ਜਾ ਰਹੇ ਸਨ। ਗੋਡਸੇ ਨੇ ਉਨ੍ਹਾਂ 'ਤੇ ਨਜ਼ਦੀਕ ਤੋਂ ਤਿੰਨ ਗੋਲੀਆਂ ਚਲਾਈਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।