ਸ਼੍ਰੀਨਗਰ: ਫੁਟਬਾਲਰ ਤੋਂ ਅੱਤਵਾਦੀ ਬਣੇ ਮਾਜਿਦ ਇਰਸ਼ਾਦ ਨੇ ਸ਼੍ਰੀਨਗਰ 'ਚ ਸੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਫੁਟਬਾਲਰ ਵਜੋਂ ਪਛਾਣ ਬਣਾ ਚੁੱਕੇ ਮਾਜਿਦ ਆਪਣੇ ਦੋਸਤ ਦੀ ਮੌਤ ਕਾਰਨ ਲਸ਼ਕਰ ਨਾਲ ਰਲਿਆ ਸੀ।
ਦੱਸ ਦਈਏ ਕਿ ਘਾਟੀ 'ਚ ਪਿਛਲੇ ਕੁਝ ਸਮੇਂ ਤੋਂ ਸੁਰੱਖਿਆ ਬਲਾਂ ਨੇ ਅਭਿਆਨ ਚਲਾਇਆ ਜਿਸ ਤਹਿਤ ਹਾਲ ਹੀ 'ਚ ਅੱਤਵਾਦੀ ਗੁੱਟਾਂ 'ਚ ਸ਼ਾਮਲ ਹੋਏ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾ ਸਕੇ। ਸੁਰੱਖਿਆ ਬਲਾਂ ਨੇ ਮਾਜਿਦ ਨੂੰ ਆਤਮ ਸਮਰਪਣ ਕਰਨ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਉਸ ਨੇ ਮੰਨ ਲਿਆ। ਹਾਲਾਂਕਿ ਹਾਲੇ ਤੱਕ ਸਾਫ ਨਹੀਂ ਹੋਇਆ ਹੈ ਕਿ ਮਾਜਿਦ ਦਾ ਸਰੰਡਰ ਕਿਨ੍ਹਾਂ ਸ਼ਰਤਾਂ ਤਹਿਤ ਹੋਇਆ ਹੈ।
ਮਾਜਿਦ ਦੇ ਅੱਤਵਾਦੀ ਬਣਨ ਤੋਂ ਬਾਅਦ ਮਾਂ ਪਿਓ ਗਹਿਰ ਸਦਮੇ 'ਚ ਚਲੇ ਗਏ ਸਨ। ਮਾਜਿਦ ਦਾ ਦੋਸਤ ਯਾਵਰ ਨਿਸਾਰ ਜੁਲਾਈ 'ਚ ਇੱਕ ਅੱਤਵਾਦੀ ਗੁੱਟ ਨਾਲ ਜੁੜ ਗਿਆ ਸੀ। ਇੱਕ ਮਹੀਨੇ ਬਾਅਦ ਹੀ ਪੁਲਿਸ ਤੇ ਅਰਧ ਸੈਨਿਕ ਬਲਾਂ ਨੇ ਉਸ ਨੂੰ ਇਨਕਾਊਂਟਰ 'ਚ ਮਾਰ ਦਿੱਤਾ। ਮਾਜਿਦ ਆਪਣੇ ਦੋਸਤ ਦੀ ਮੌਤ ਤੋਂ ਦੁਖੀ ਹੋਇਆ ਅੱਤਵਾਦੀ ਗੁੱਟ 'ਚ ਸ਼ਾਮਲ ਹੋ ਗਿਆ। ਅੱਤਵਾਦੀ ਬਣਨ ਦੇ ਲਈ ਗਾਇਬ ਹੋਣ ਤੋਂ ਪਹਿਲਾਂ ਮਾਜਿਦ ਨੇ ਖੁਦ ਨੂੰ ਸਮਾਜ ਤੋਂ ਦੂਰ ਕਰ ਲਿਆ ਸੀ। ਉਹ ਕਿਸੇ ਨਾਲ ਵੀ ਗੱਲ ਕਰਨਾ ਪਸੰਦ ਨਹੀਂ ਕਰਦਾ ਸੀ।