ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫ਼ੇ ਦੀ ਪੇਸ਼ਕਸ਼ ਬਾਰੇ ਜਾਰੀ ਕਿਆਸਅਰਾਈਆਂ ਨੂੰ ਪਾਰਟੀ ਦੇ ਬੁਲਾਰੇ ਨੇ ਖਾਰਜ ਕਰ ਦਿੱਤਾ ਹੈ। ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਗਾਂਧੀ ਪਾਰਟੀ ਦੇ ਪ੍ਰਧਾਨ ਸੀ, ਹਨ ਤੇ ਉਹੀ ਇਸ ਅਹੁਦੇ 'ਤੇ ਬਣੇ ਰਹਿਣਗੇ।

ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਗੈਰ ਰਸਮੀ ਬੈਠਕ ਤੋਂ ਬਾਅਦ ਸੁਰਜੇਵਾਲਾ ਨੇ ਇਹ ਟਿੱਪਣੀ ਕੀਤੀ। ਉਨ੍ਹਾਂ ਤੋਂ ਜਦ ਪੁੱਛਿਆ ਗਿਆ ਕਿ ਕੀ ਗਾਂਧੀ ਦਾ ਵਿਕਲਪ ਤਲਾਸ਼ਿਆ ਜਾ ਰਿਹਾ ਹੈ ਤਾਂ ਸੁਰਜੇਵਾਲਾ ਨੇ ਜਵਾਬ ਦਿੱਤਾ ਕਿ ਰਾਹੁਲ ਜੀ ਪ੍ਰਧਾਨ ਸੀ ਤੇ ਰਹਿਣਗੇ। ਸਾਨੂੰ ਕਿਸੇ ਨੂੰ ਵੀ ਇਸ ਵਿੱਚ ਸ਼ੱਕ ਨਹੀਂ ਹੈ।

ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਇਹ ਗੈਰ ਰਸਮੀ ਬੈਠਕ ਮਹਾਰਾਸ਼ਟਰ, ਹਰਿਆਣਾ, ਝਾਰਖੰਡ ਤੇ ਜੰਮੂ-ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਵੀ ਚਰਚਾ ਹੋਈ। ਕਾਂਗਰਸ ਨੇ ਲੋਕ ਸਭਾ ਚੋਣਾਂ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ ਹੁਣ ਇਨ੍ਹਾਂ ਸੂਬਿਆਂ ਵਿੱਚ ਕੁਝ ਖੱਟ ਲੈਣ ਦੇ ਇਰਾਦੇ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ।