ਸਿਰਸਾ: ਡੇਰਾ ਸਿਰਸਾ ਦਾ ਵਿਵਾਦ ਠੱਲ੍ਹਣ ਦਾ ਨਾਂ ਨਹੀਂ ਲੈ ਰਿਹਾ। ਇਸ ਵਿਵਾਦ ਕਾਰਨ ਹੁਣ ਤਕ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਵੀ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਗੁਰਮੀਤ ਰਾਮ ਰਹੀਮ ਦੇ ਗੁੰਡੇ ਕਾਬੂ ਵਿੱਚ ਨਹੀਂ ਹਨ।

ਅੱਜ ਸਵੇਰੇ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਲਾਗੂ ਕਰਫਿਊ ਵਿੱਚ ਦਿੱਤੀ 5 ਘੰਟਿਆਂ ਦੀ ਢਿੱਲ ਦਾ ਫਾਇਦਾ ਚੁੱਕਦਿਆਂ ਡੇਰਾ ਸਮਰਥਕ ਸਿਰਸਾ ਵਿੱਚ ਸਥਿਤ ਡੇਰੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਉਨ੍ਹਾਂ ਇੱਥੇ ਕਵਰੇਜ ਕਰਨ ਆਈ ਪੱਤਰਕਾਰਾਂ ਦੀ ਟੀਮ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਕੈਮਰਾਮੈਨ ਜ਼ਖ਼ਮੀ ਹੋ ਗਿਆ ਤੇ ਉਸ ਦਾ ਕੈਮਰਾ ਵੀ ਤੋੜ ਦਿੱਤਾ ਗਿਆ।

ਦੱਸਣਾ ਬਣਦਾ ਹੈ ਕਿ ਡੇਰਾ ਪ੍ਰੇਮੀਆਂ ਦਾ ਪੱਤਰਕਾਰਾਂ 'ਤੇ ਇਹ ਕੋਈ ਪਹਿਲਾ ਹਮਲਾ ਨਹੀਂ। ਸਗੋਂ ਜਿਸ ਸਮੇਂ ਡੇਰਾ ਮੁਖੀ ਨੂੰ ਅਦਾਲਤ ਨੇ ਬਲਾਤਕਾਰੀ ਐਲਾਨਿਆ ਸੀ, ਉਦੋਂ ਹੀ ਉਨ੍ਹਾਂ ਪੱਤਰਕਾਰਾਂ 'ਤੇ ਸਿੱਧੇ ਤੌਰ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਮੀਡੀਆ ਦੇ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਦੂਜੇ ਪਾਸੇ ਗੱਲ ਕਰਫਿਊ ਦੀ ਕਰੀਏ ਤਾਂ ਢਿੱਲ ਦੇਣ ਕਾਰਨ ਆਮ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਅੱਜ ਆਮ ਵਰਤੋਂ ਵਾਲੇ ਸਾਮਾਨ ਤੇ ਖਾਧ ਪਦਾਰਥਾਂ ਤੋਂ ਇਲਾਵਾ ਪੈਟਰੋਲ ਆਦਿ ਦੀ ਵਿਕਰੀ ਵੀ ਖੋਲ੍ਹ ਦਿੱਤੀ ਗਈ। ਲੋਕਾਂ ਨੇ ਦੱਸਿਆ ਕਿ ਉਹ ਆਪਣੇ ਘਰ ਲਈ ਰਾਸ਼ਨ ਜਮ੍ਹਾਂ ਕਰ ਰਹੇ ਹਨ।

ਇੱਥੇ ਜ਼ਿਕਰਯੋਗ ਹੈ ਕਿ ਭਲਕੇ ਯਾਨੀ 28 ਅਗਸਤ ਨੂੰ ਡੇਰਾ ਮੁਖੀ ਨੂੰ ਸਜ਼ਾ ਦਾ ਐਲਾਨ ਕੀਤਾ ਜਾਣਾ ਹੈ। ਬੇਸ਼ੱਕ ਪ੍ਰਸ਼ਾਸਨ ਇਸ ਕਾਰਨ ਪੂਰੀ ਤਰ੍ਹਾਂ ਚੌਕਸ ਹੈ ਪਰ ਫਿਰ ਵੀ ਪੱਤਰਕਾਰਾਂ 'ਤੇ ਹਮਲਾ ਹੋ ਗਿਆ।