ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਆਚਾਰੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਚਾਰੀਆ ਨੂੰ ਦਸੰਬਰ 2016 ‘ਚ ਨਿਯੁਕਤ ਕੀਤਾ ਗਿਆ ਸੀ। ਉਸ ਦਾ ਕਾਰਜਕਾਲ ਛੇ ਮਹੀਨੇ ਬਾਅਦ ਖ਼ਤਮ ਹੋਣਾ ਸੀ ਪਰ ਉਨ੍ਹਾਂ ਨੇ ਪਹਿਲਾਂ ਹੀ ਅਸਤੀਫਾ ਦੇ ਕੇ ਮੋਦੀ ਸਰਕਾਰ ਨੂੰ ਝਟਕਾ ਦੇ ਦਿੱਤਾ ਹੈ। ਹੁਣ ਆਰਬੀਆਈ ‘ਚ ਤਿੰਨ ਗਵਰਨਰ ਐਨਐਸ ਵਿਸ਼ਵਨਾਥਨ, ਬੀਪੀ ਕਾਨੂੰਨਗੋ ਤੇ ਐਮਕੇ ਜੈਨ ਬਚੇ ਹਨ।


ਦਸੰਬਰ 2018 ‘ਚ ਆਰਬੀਆਈ ਦੇ ਗਵਰਨਰ ਉਰਜਿਤ ਪਟੇਲ ਨੇ ਸਰਕਾਰ ਨਾਲ ਵਿਵਾਦਾਂ ਕਰਕੇ ਕਾਰਜਕਾਲ ਪੂਰਾ ਹੋਣ ਤੋਂ 9 ਮਹੀਨੇ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਇਸ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ। ਪਟੇਲ ਨੇ ਅਸਤੀਫਾ ਅਜਿਹੇ ਸਮੇਂ ਦਿੱਤਾ ਹੈ ਜਦੋਂ ਸਰਕਾਰ ਤੇ ਕੇਂਦਰੀ ਬੈਂਕ ‘ਚ ਅਰਥਵਿਵਸਥਾ ‘ਚ ਨਕਦੀ ਤੇ ਕ੍ਰੈਡਿਟ ਦੀ ਘਾਟ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਸੀ।


ਇਸੇ ਦੌਰਾਨ ਡਿਪਟੀ ਗਵਰਨਰ ਵਿਰਲ ਆਚਾਰੀਆ ਨੇ ਕਿਹਾ ਸੀ ਕਿ ਜੇਕਰ ਕੇਂਦਰੀ ਬੈਂਕ ਦੀ ਆਜ਼ਾਦੀ ਨੂੰ ਨੁਕਸਾਨ ਪਹੁੰਚਿਆ ਤਾਂ ਨਾਰਾਜ਼ਗੀ ਚੁੱਕਣੀ ਪੈ ਸਕਦੀ ਹੈ। ਉਨ੍ਹਾਂ ਦੇ ਇਸ ਬਿਆਨ ‘ਤੇ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਸੀ, “ਰੁਪਇਆ ਇੱਕ ਡਾਲਰ ਦੇ ਮੁਕਾਬਲੇ 73 ਤੋਂ ਘੱਟ ਚੱਲ ਰਿਹਾ ਹੈ, ਕੱਚਾ ਤੇਲ 73 ਡਾਲਰ ਪ੍ਰਤੀ ਬੈਰਲ ਹੈ, ਬਾਜ਼ਾਰ ਹਫਤੇ ਦੌਰਾਨ ਚਾਰ ਫੀਸਦ ਉੱਤੇ ਹੈ ਤੇ ਬਾਂਡ ਨਾਲ ਕਮਾਈ 7.8 ਫੀਸਦ ਹੇਠ ਆਈ ਹੈ। ਬਾਜ਼ਾਰ ਦੀ ਨਾਰਾਜ਼ਗੀ।”