ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਮਗਰੋਂ ਤੀਜੀ ਦਾ ਖ਼ਤਰਾ ਬਣਿਆ ਹੋਇਆ ਹੈ। ਅਜਿਹੇ ਵਿੱਚ ਨੀਤੀ ਅਯੋਗ ਨੇ ਵੱਡਾ ਦਾਅਵਾ ਕੀਤਾ ਹੈ। ਸਰਕਾਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਭਾਵੇਂ ਅਜੇ ਤਕ ਕੋਰੋਨਾ ਦਾ ਬੱਚਿਆਂ 'ਤੇ ਬਹੁਤਾ ਅਸਰ ਨਹੀਂ ਹੋਇਆ ਪਰ ਵਾਇਰਸ ਦੇ ਵਿਵਹਾਰ ਜਾਂ ਮਹਾਮਾਰੀ ਸਬੰਧੀ ਗਤੀਸ਼ੀਲਤਾ ਵਿੱਚ ਬਦਲਾਅ ਕਾਰਨ ਇਹ ਬੱਚਿਆਂ 'ਤੇ ਵੀ ਪ੍ਰਭਾਵ ਪਾ ਸਕਦਾ ਹੈ।
ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਕਿਸੇ ਵੀ ਘੜੀ ਦਾ ਸਾਹਮਣਾ ਕਰਨ ਲਈ ਸਰਕਾਰ ਤਿਆਰੀ ਕਰ ਰਹੀ ਹੈ। ਨੀਤੀ ਅਯੋਗ ਦੇ ਮੈਂਬਰ ਵੀਕੇ ਪੌਲ ਨੇ ਦੱਸਿਆ,"ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਬੱਚਿਆਂ ਦੇ ਇਲਾਜ ਦਾ ਪ੍ਰਬੰਧਨ ਕੀਤਾ ਜਾਵੇਗਾ ਤੇ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ।" ਉਸ ਦੱਸਿਆ ਕਿ ਸਮੀਖਿਆ ਕਰਨ ਤੋਂ ਬਾਅਦ, ਅਸੀਂ ਅੰਦਾਜ਼ਾ ਲਾਵਾਂਗੇ ਕਿ ਜੇ ਸਥਿਤੀ ਵਿਗੜਦੀ ਹੈ ਤਾਂ ਕੀ ਜ਼ਰੂਰਤ ਹੋਵੇਗੀ ਤੇ ਉਸ ਨੂੰ ਲਾਗੂ ਕੀਤਾ ਜਾਵੇਗਾ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੌਲ ਨੇ ਕਿਹਾ ਕਿ "ਕੋਵਿਡ ਤੋਂ ਬਾਅਦ ਬੱਚਿਆਂ ਵਿੱਚ ਮਲਟੀ-ਸਿਸਟਮ ਇਨਫਲਾਮੇਟਰੀ ਸਿੰਡਰੋਮ ਦੇਖਿਆ ਗਿਆ ਹੈ। ਬੱਚਿਆਂ ਵਿੱਚ ਲਾਗ ਰਾਹੀਂ ਹੋਣ ਵਾਲੀਆਂ ਮੁਸ਼ਕਲਾਂ ਨੂੰ ਵੇਖਣ ਲਈ ਰਾਸ਼ਟਰੀ ਸਮੂਹ ਬਣਾਇਆ ਗਿਆ ਹੈ।" ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਅਕਸਰ ਲਾਗ ਦੇ ਲੱਛਣ ਨਹੀਂ ਹੁੰਦੇ ਜਾਂ ਬਹੁਤ ਘੱਟ ਲੱਛਣ ਦਿਖਾਈ ਦਿੰਦੇ ਹਨ।
ਦੂਜੇ ਪਾਸੇ, ਦਿੱਲੀ ਦੇ ਹਸਪਤਾਲਾਂ ਨੇ ਕੋਰੋਨਾ ਵਾਇਰਸ ਦੀ ਸੰਭਾਵਤ ਤੀਜੀ ਲਹਿਰ ਨਾਲ ਨਜਿੱਠਣ ਲਈ ਅਭਿਆਸ ਸ਼ੁਰੂ ਕੀਤਾ ਹੈ। ਇਸ ਤਹਿਤ ਬੱਚਿਆਂ ਲਈ ਲੋੜੀਂਦੇ ਉਪਕਰਣਾਂ, ਦਵਾਈਆਂ ਤੇ ਆਈਸੀਯੂ ਬਿਸਤਰੇ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤੇ ਜਾ ਰਹੇ ਹਨ।
ਦਿੱਲੀ ਸਰਕਾਰ ਨੇ ਬੱਚਿਆਂ ਨੂੰ ਤੀਜੀ ਲਹਿਰ ਤੋਂ ਬਚਾਉਣ ਲਈ ਉਪਾਵਾਂ ਸੁਝਾਉਣ ਲਈ ਟਾਸਕ ਫੋਰਸ ਦਾ ਗਠਨ ਕੀਤਾ ਹੈ। ਬਹੁਤੇ ਹਸਪਤਾਲ ਆਪਣੇ ਆਈਸੀਯੂ ਬਿਸਤਰੇ ਤੇ ਬੱਚਿਆਂ ਲਈ ਸਹੂਲਤਾਂ ਵਧਾਉਣ 'ਤੇ ਧਿਆਨ ਕੇਂਦ੍ਰਤ ਕਰ ਰਹੇ ਹਨ ਕਿਉਂਕਿ ਇਹ ਡਰ ਹੈ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਬੱਚਿਆਂ ਲਈ ਘਾਤਕ ਹੋ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :