ਚੰਡੀਗੜ੍ਹ: ਰੋਹਤਕ ਵਿੱਚ ਅੱਜ ਸਿਰਫਿਰੇ ਆਸ਼ਕ ਨੇ ਵਿਆਹ ਤੋਂ ਇਨਕਾਰ ਕਰਨ 'ਤੇ ਲੜਕੀ ਨੂੰ ਚਾਕੂ ਮਾਰ-ਮਾਰ ਕੇ ਜ਼ਖ਼ਮੀ ਕਰ ਦਿੱਤਾ। ਇੰਨਾ ਹੀ ਨਹੀਂ, ਲੜਕੀ ਨੂੰ ਬਚਾਉਣ ਲਈ ਅੱਗੇ ਆਏ ਲੜਕੀ ਦੇ ਪਿਤਾ ਤੇ ਚਾਚੇ ਨੂੰ ਵੀ ਚਾਕੂ ਮਾਰ ਕੇ ਲਹੂ-ਲੁਹਾਨ ਕਰ ਦਿੱਤਾ। ਵਾਰਦਾਤ ਪਿੱਛੋਂ ਮੁਲਜ਼ਮ ਹਵਾ ਵਿੱਚ ਹਥਿਆਰ ਲਹਿਰਾਉਂਦਾ ਆਸਾਨੀ ਨਾਲ ਫਰਾਰ ਹੋ ਗਿਆ। ਗੰਭੀਰ ਹਾਲਤ ਵਿੱਚ ਜ਼ਖ਼ਮੀ ਲੜਕੀ ਨੂੰ ਪੀਜੀਆਈ ਦੇ ਟ੍ਰੋਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਹਸਪਤਾਲ ਵਿੱਚ ਦਾਖਲ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦੇ ਚਾਚੇ ਦਾ ਵੀ ਇੱਥੇ ਹੀ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੀੜਤਾ ਦੇ ਪਿਤਾ ਨੇ ਉਸ ਦਾ ਵਿਆਹ ਕਿਸੇ ਹੋਰ ਨਾਲ ਤੈਅ ਕਰ ਦਿੱਤਾ ਸੀ ਜੋ ਮੁਲਜ਼ਮ ਨੂੰ ਹਰਗਿਜ਼ ਮਨਜ਼ੂਰ ਨਹੀਂ ਸੀ। ਫਿਲਹਾਲ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਮੁਲਜ਼ਮ ਲੜਕਾ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਅਜਿਹੇ ਵਿੱਚ ਲੜਕੀ ਦਾ ਪਰਿਵਾਰ ਕਾਫੀ ਸਹਿਮ ਵਿੱਚ ਹੈ ਤੇ ਉਨ੍ਹਾਂ ਨੇ ਸਰਕਾਰ ਨੂੰ ਆਪਣੀ ਸੁਰੱਖਿਆ ਦੀ ਗੁਹਾਰ ਲਾਈ ਹੈ।

ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਘਰ ਬੈਠੇ ਸੀ। ਇੰਨੇ ਨੂੰ ਮੋਨੂ ਨਾਂ ਦਾ ਨੌਜਵਾਨ ਹੱਥ ਵਿੱਚ ਚਾਕੂ ਲੈ ਕੇ ਆਇਆ। ਉਸ ਨੇ ਲੜਕੀ ਬਾਰੇ ਪੁੱਛਿਆ। ਜਦੋਂ ਉਸ ਨੂੰ ਘਰੋਂ ਬਾਹਰ ਜਾਣ ਲਈ ਕਿਹਾ ਗਿਆ ਤਾਂ ਉਸ ਨੇ ਅੱਗ ਬਬੂਲਾ ਹੋ ਕੇ ਕਿਹਾ ਕਿ ਜੇ ਲੜਕੀ ਉਸ ਦੀ ਨਹੀਂ ਤਾਂ ਉਹ ਕਿਸੇ ਦੀ ਵੀ ਨਹੀਂ ਹੋਣ ਦਏਗਾ। ਇਹ ਕਹਿੰਦਾ ਉਹ ਲੜਕੀ ਦੇ ਕਮਰੇ ਵੱਲ ਭੱਜਿਆ ਤੇ ਸੁੱਤੀ ਪਈ ਲੜਕੀ 'ਤੇ ਚਾਕੂ ਨਾਲ ਤਾਬੜਤੋੜ ਹਮਲਾ ਕਰ ਦਿੱਤਾ।

ਆਪਣੀ ਧੀ ਨੂੰ ਬਚਾਉਣ ਲਈ ਜਦੋਂ ਪੀੜਤਾ ਦੇ ਪਿਤਾ ਤੇ ਚਾਚਾ ਅੱਗੇ ਗਏ ਤਾਂ ਮੋਨੂ ਨੇ ਉਨ੍ਹਾਂ ਨੂੰ ਵੀ ਲਹੂ-ਲੁਹਾਨ ਕਰ ਦਿੱਤਾ। ਉਸ ਨੇ ਧਮਕੀ ਦਿੱਤੀ ਕਿ ਜੇ ਲੜਕੀ ਦਾ ਵਿਆਹ ਉਸ ਨਾਲ ਨਾ ਕੀਤਾ ਗਿਆ ਤਾਂ ਉਹ ਸਭ ਨੂੰ ਜਾਨੋਂ ਮਾਰ ਦਏਗਾ। ਇਹ ਕਹਿ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਪਹਿਲਾਂ ਵੀ ਪੀੜਤਾ 'ਤੇ ਤੇਜ਼ਾਬ ਨਾਲ ਹਮਲਾ ਕਰਨ ਦੀ ਧਮਕੀ ਦਿੱਤੀ ਸੀ।