ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਦੇਸ਼ 'ਚ ਅੱਜ ਯਾਨੀ ਪਹਿਲੀ ਜੂਨ ਤੋਂ 7 ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਬਦਲਾਵਾਂ 'ਚ ਰਸੋਈ ਗੈਸ ਸਿਲੰਡਰ ਦੇ ਭਾਅ, ਹਵਾਈ ਸਫ਼ਰ ਦਾ ਕਿਰਾਇਆ, ਬੈਂਕ ਆਫ ਬੜੌਦਾ ਵੱਲੋਂ ਬਦਲਿਆ ਗਿਆ ਚੈਕ ਨਾਲ ਪੇਮੈਂਟ ਦਾ ਤਰੀਕਾ, ਗੂਗਲ ਫੋਟੋਆਂ ਦੀ ਅਨਲਿਮਿਟਡ ਸਟੋਰੇਜ ਤੇ ਆਮਦਨ ਕਰ ਵਿਭਾਗ ਦਾ ਨਵਾਂ ਈ-ਫਾਇਲਿੰਗ ਵੈਬਸ ਪੋਰਟਲ ਸ਼ਾਮਲ ਹੈ। ਤੁਸੀਂ ਵੀ ਆਪਣਾ ਦਿਨ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਬਦਲੇ ਹੋਏ ਸੱਤ ਨਿਯਮਾਂ ਨੂੰ ਜਾਣ ਲਓ ਵਰਨਾ ਤਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


1. ਪੀਐਫ ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ


ਪ੍ਰੋਵੀਡੈਂਟ ਫੰਡ ਯਾਨੀ ਪੀਐਫ ਨਾਲ ਜੁੜੇ ਨਿਯਮਾਂ 'ਚ ਇਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਨਵੇਂ ਨਿਯਮਾਂ ਦੇ ਮੁਤਾਬਕ ਹਰ ਖਾਤਾਧਾਰਕ ਦਾ ਪੀਐਫ ਖਾਤਾ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ। ਇਸ ਕੰਮ ਦੀ ਜ਼ਿੰਮੇਵਾਰੀ ਨਿਯੁਕਤ ਕਰਨ ਵਾਲੇ ਦੀ ਹੋਵੇਗੀ ਕਿ ਉਹ ਆਪਣੇ ਕਰਮਚਾਰੀਆਂ ਨੂੰ ਕਹੇ ਕਿ ਉਹ ਆਪਣਾ ਪੀਐਫ ਆਧਾਰ ਨਾਲ ਵੈਕੀਫਾਈ ਕਰਵਾਉਣ। ਇਹ ਨਵਾਂ ਨਿਯਮ 1 ਜੂਨ ਤੋਂ ਲਾਗੂ ਹੋਵੇਗਾ। EPFO ਨੇ ਇਸ ਬਾਰੇ ਐਂਪਲਾਇਰਸ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਨੌਕਰੀ ਦੇਣ ਵਾਲੀਆਂ ਕੰਪਨੀਆਂ ਯਾਨੀ ਐਂਪਲਾਇਰ ਅਜਿਹਾ ਨਹੀਂ ਕਰ ਪਾਉਂਦੇ ਤਾਂ ਇਸ ਨਾਲ ਸਬਸਕ੍ਰਾਇਬਰ ਦੇ ਖਾਤੇ 'ਚ ਐਂਪਲਾਇਰ ਦਾ ਯੋਗਦਾਨ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਬਸਕ੍ਰਾਇਬਰਸ ਦਾ UAN ਵੀ ਆਧਾਰ ਨਾਲ ਵੈਰੀਫਾਈਡ ਹੋਣਾ ਜ਼ਰੂਰੀ ਹੈ।


2. ਇਨਕਮ ਟੈਕਸ ਈ-ਫਾਇਲਿੰਗ ਦੀ ਸਾਈਟ


ਇਨਕਮ ਟੈਕਸ ਵਿਭਾਗ ਦਾ ਈ-ਫਾਈਲਿੰਗ ਪੋਰਟਲ 1 ਤੋਂ 6 ਜੂਨ ਤਕ ਕੰਮ ਨਹੀਂ ਕਰੇਗਾ। ਆਮਦਨ ਕਰ ਵਿਭਾਗ 7 ਜੂਨ ਨੂੰ ਟੈਕਸਪੇਅਰਸ ਲਈ ਇਨਕਮ ਟੈਕਸ ਈ-ਫਾਇਲਿੰਗ ਦਾ ਨਵਾਂ ਪੋਰਟਲ ਲੌਂਚ ਕਰੇਗਾ। ਹੁਣ ਇਹ ਪੋਰਟਲ ਹੈhttp://incometaxindiaefiling.gov.in.  ਉੱਥੇ ਹੀ ITR ਭਰਨ ਦੀ ਅਧਿਕਾਰਤ ਵੈਬਸਾਈਟ 7 ਜੂਨ, 2021 ਤੋਂ ਬਦਲ ਜਾਵੇਗੀ। 7 ਜੂਨ ਤੋਂ ਇਹ http://INCOMETAX.GOV.IN ਹੋ ਜਾਵੇਗੀ।


3.ਬੈਂਕ ਆਫ ਬੜੌਦਾ 'ਚ ਪਹਿਲੀ ਜੂਨ ਤੋਂ ਲਾਗੂ ਹੋਵੇਗਾ ਪੌਜ਼ੇਟਿਵ ਪੇਅ ਸਿਸਟਮ


ਬੈਂਕ ਆਫ ਬੜੌਦਾ ਦੇ ਗਾਹਕ ਧਿਆਨ ਰੱਖਣ ਕਿ ਬੈਂਕ 'ਚ ਅੱਜ ਤੋਂ ਚੈਕ ਨਾਲ ਪੇਮੈਂਟ ਦਾ ਤਰੀਕਾ ਬਦਲਣ ਵਾਲਾ ਹੈ। ਬੈਂਕ ਆਪਣੇ ਗਾਹਕਾਂ ਲਈ ਪੌਜ਼ੇਟਿਵ ਪੇਅ ਕਨਫਰਮੇਸ਼ਨ ਸ਼ੁਰੂ ਕਰ ਰਿਹਾ ਹੈ। ਜਿਸ 'ਚ ਚੈਕ ਜਾਰੀ ਕਰਨ ਵਾਲੇ ਨੂੰ ਉਸ ਚੈਕ ਨਾਲ ਜੁੜੀ ਕੁਝ ਜਾਣਕਾਰੀ ਇਲੈਕਟ੍ਰੌਨਿਕ ਤਰੀਕੇ ਨਾਲ ਭੁਗਤਾਨ ਕਰਨ ਵਾਲੇ ਬੈਂਕ ਨੂੰ ਦੇਣੀ ਹੋਵੇਗੀ। ਇਹ ਜਾਣਕਾਰੀ SMS, ਮੋਬਾਇਲ ਐਪ, ਇੰਟਰਨੈੱਟ ਬੈਂਕਿੰਗ ਜਾਂ ATM ਜ਼ਰੀਏ ਦਿੱਤੀ ਜਾ ਸਕਦੀ ਹੈ। ਗਾਹਕਾਂ ਨੂੰ ਪੌਜ਼ੇਟਿਵ ਪੇਅ ਸਿਸਟਮ ਦੇ ਤਹਿਤ ਚੈਕ ਦੀਆਂ ਡਿਟੇਲਸ ਨੂੰ ਉਦੋਂ ਹੀ ਕਨਫਰਮ ਕਰਨਾ ਹੋਵੇਗਾ ਜਦੋਂ ਉਹ 2 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਬੈਂਕ ਚੈੱਕ ਜਾਰੀ ਕਰਨਗੇ।


4. ਗੂਗਲ ਫੋਟੋਜ਼ ਦਾ ਸਪੇਸ ਹੁਣ ਫਰੀ ਨਹੀਂ ਰਹੇਗਾ


ਪਹਿਲੀ ਜੂਨ ਤੋਂ ਬਾਅਦ ਤੋਂ ਗੂਗਲ ਫੋਟੋਜ਼ ਅਨਲਿਮਿਟਡ ਫੋਟੋਜ਼ ਅਪਲੋਡ ਨਹੀਂ ਕਰ ਸਕੋਗੇ। ਗੂਗਲ ਦਾ ਕਹਿਣਾ ਹੈ ਕਿ 15GB ਦੀ ਸਪੇਸ ਹਰ ਜੀਮੇਲ ਯੂਜ਼ਰਸ ਨੂੰ ਦਿੱਤੀ ਜਾਵੇਗੀ। ਇਸ ਸਪੇਸ 'ਚ ਜੀਮੇਲ ਦੇ ਈਮੇਲ ਵੀ ਸ਼ਾਮਲ ਹਨ ਤੇ ਨਾਲ ਵੀ ਤਸਵੀਰਾਂ ਵੀ। ਇਸ 'ਚ ਗੂਗਲ ਡ੍ਰਾਈਵ ਵੀ ਸ਼ਾਮਲ ਹੈ। ਜੇਕਰ 15GB ਤੋਂ ਜ਼ਿਆਦਾ ਸਪੇਸ ਵਰਤਣਾ ਹੈ ਤਾਂ ਇਸ ਲਈ ਪੈਸੇ ਦੇਣੇ ਹੋਣਗੇ। ਹੁਣ ਤਕ ਅਨਲਿਮਿਟਡ ਸਟੋਰੇਜ ਮੁਫਤ ਸੀ। ਗੂਗਲ ਫੋਟੋਜ਼ ਦੀ ਵਰਤੋਂ ਕਰਨ ਲਈ ਹੁਣ ਤਹਾਨੂੰ ਗੂਗਲ ਵਨ ਦੀ ਸਬਸਕ੍ਰਿਪਸ਼ਨ ਲੈਣੀ ਹੋਵੇਗੀ। ਇਸ ਤੋਂ ਬਾਅਦ 100GB ਲਈ 149 ਰੁਪਏ ਹਰ ਮਹੀਨੇ ਜਾਂ 1499 ਰੁਪਏ ਸਾਲਾਨਾ ਦੇਣੇ ਹੋਣਗੇ। ਇਸ ਤਰ੍ਹਾਂ 200GB ਲਈ 219 ਰੁਪਏ ਪ੍ਰਤੀ ਮਹੀਨਾ ਜਾਂ 2199 ਰੁਪਏ ਸਾਲਾਨਾ ਦੇਣੇ ਹੋਣਗੇ। ਏਨਾ ਹੀ ਨਹੀਂ 2TB ਲਈ 749 ਰੁਪਏ ਹਰ ਮਹੀਨੇ ਜਾਂ 7500 ਰੁਪਏ ਸਾਲਾਨਾ ਦੇਣੇ ਹੋਣਗੇ।


5. ਗੈਸ ਸਿਲੰਡਰ ਦੀਆਂ ਕੀਮਤਾਂ


ਪਹਿਲੀ ਜੂਨ ਤੋਂ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਹਰ ਮਹੀਨੇ ਪਹਿਲੀ ਤਾਰੀਖ ਨੂੰ ਦੇਸ਼ ਦੀਆਂ ਸਰਕਾਰੀ ਤੇਲ ਕੰਪਨੀਆਂ LPG ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਕੀਮਤਾਂ 'ਚ ਇਜ਼ਾਫਾ ਵੀ ਹੋ ਸਕਦਾ ਹੈ ਤੇ ਰਾਹਤ ਵੀ ਮਿਲ ਸਕਦੀ ਹੈ।


6. YouTube ਤੋਂ ਕਮਾਈ ਕਰਨ ਵਾਲਿਆਂ ਨੂੰ ਦੇਣਾ ਹੋਵੇਗਾ ਟੈਕਸ


ਜੇਕਰ ਤੁਸੀਂ ਯੂਟਿਊਬ 'ਚੋਂ ਕਮਾਈ ਕਰਦੇ ਹੋ ਤਾਂ ਤਹਾਨੂੰ ਇਕ ਜੂਨ ਤੋਂ ਬਾਅਦ YouTube ਨੂ ਪੇਅ ਕਰਨਾ ਪਵੇਗਾ। ਲੋਕ ਅੱਜਕਲ੍ਹ ਯੂਟਿਊਬ 'ਤੇ ਵੀਡੀਓ ਬਣਾ ਕੇ ਬਹੁਤ ਪੈਸਾ ਕਮਾ ਰਹੇ ਹਨ।  ਅਜਿਹੇ 'ਚ ਹੁਣ ਯੂਟਿਊਬ ਤੋਂ ਹੋਣ ਵਾਲੀ ਕਮਾਈ ਤੇ ਤਹਾਨੂੰ ਟੈਕਸ ਦੇਣਾ ਪਵੇਗਾ। ਹਾਲਾਂਕਿ ਤਹਾਨੂੰ ਸਿਰਫ਼ ਉਨ੍ਹੇ ਵਿਊਜ਼ ਦਾ ਟੈਕਸ ਦੇਣਾ ਪਵੇਗਾ ਜੋ ਅਮਰੀਕੀ ਵਿਊਰਜ਼ ਤੋਂ ਮਿਲੇ ਹਨ। ਇਹ ਪਾਲਿਸੀ ਪਹਿਲੀ ਜੂਨ, 2021 ਤੋਂ ਸ਼ੁਰੂ ਕੀਤੀ ਜਾਵੇਗੀ।


7. ਅੱਜ ਤੋਂ ਵਧੇਗਾ ਘਰੇਲੂ ਹਵਾਈ ਯਾਤਰਾ ਦਾ ਕਿਰਾਇਆ


ਦੇਸ਼ 'ਚ ਪਿਛਲੇ ਸਾਲ ਕਿਰਾਏ 'ਚ ਲਾਏ ਕੈਪ ਦੀ ਲੋਅਰ ਲਿਮਿਟ ਡੀਜੀਸੀਏ ਨੇ ਸ਼ੁੱਕਰਵਾਰ ਇਕ ਹੁਕਮ ਜਾਰੀ ਕਰਕੇ ਵਧਾ ਦਿੱਤੀ ਹੈ। ਖ਼ਬਰਾਂ ਦੇ ਮੁਤਾਬਕ ਘਰੇਲੂ ਹਵਾਈ ਯਾਤਰਾ ਪਹਿਲੀ ਜੂਨ ਤੋਂ ਮਹਿੰਗੀ ਹੋਣ ਜਾ ਰਹੀ ਹੈ। ਕਿਰਾਏ 'ਚ 13 ਫੀਸਦ ਤੋਂ 16 ਫੀਸਦ ਤਕ ਦਾ ਵਾਧਾ ਹੋਵੇਗਾ। ਕੇਂਦਰੀ ਨਾਗਰਿਕ ਉਡਾਣ ਮੰਤਰਾਲੇ ਦੇ ਮੁਤਾਬਕ 40 ਮਿੰਟ ਦੀ ਦੂਰੀ ਵਾਲੇ ਜਹਾਜ਼ਾਂ ਦੇ ਕਿਰਾਏ ਦੀ ਹੇਠਲੀ ਸੀਮਾ 2300 ਰੁਪਏ ਤੋਂ ਵਧਾ ਕੇ 2600 ਰੁਪਏ ਕਰ ਦਿੱਤੀ ਹੈ। 40 ਤੋਂ 60 ਮਿੰਟ ਦੀ ਯਾਤਰਾ ਵਾਲੀ ਫਲਾਈਟ ਦੇ ਕਿਰਾਏ ਦੀ ਹੇਠਲੀ ਸੀਮਾ 2,900 ਰੁਪਏ ਦੀ ਥਾਂ ਹੁਣ 3300 ਰੁਪਏ ਪ੍ਰਤੀ ਵਿਅਕਤੀ ਕਰ ਦਿੱਤੀ ਹੈ।