ਨਵੀਂ ਦਿੱਲੀ: ਅੰਤਰਰਾਸ਼ਟਰੀ ਪੱਧਰ 'ਤੇ ਡਾਲਰ ਦੀ ਮਜ਼ਬੂਤੀ ਦੇ ਚੱਲਦਿਆਂ ਰੁਪਏ ਦੀ ਗਿਰਾਵਟ ਜਾਰੀ ਹੈ। ਸ਼ੁੱਕਰਵਾਰ ਨੂੰ ਪਹਿਲੀ ਵਾਰ ਰੁਪਇਆ 71 ਦੇ ਕਰੀਬ ਪਹੁੰਚ ਗਿਆ। ਅੱਜ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ ਹੋਰ ਖਿਸਕ ਕੇ 71.12 ਦੇ ਰਿਕਾਰਡ ਤੋੜ ਹੇਠਲੇ ਪੱਧਰ 'ਤੇ ਪਹੁੰਚ ਗਿਆ।
ਇਸ ਦੇ ਚੱਲਦਿਆਂ ਪੈਟਰੋਲ-ਡੀਜ਼ਲ ਦੇ ਭਾਅ ਵੀ ਲਗਾਤਾਰ ਵਧ ਰਹੇ ਹਨ। ਕੇਂਦਰ ਸਰਕਾਰ ਗੈਸ ਦੀਆਂ ਕੀਮਤਾਂ 'ਚ ਵੀ ਵਾਧਾ ਕਰ ਰਹੀ ਹੈ। ਇੰਟਰਾ ਡੇਅ ਦੌਰਾਨ ਰੁਪਇਆ 70.90 ਪ੍ਰਤੀ ਡਾਲਰ ਦੇ ਹੇਠਲੇ ਪੱਧਰ 'ਤੇ ਪਹੁੰਚਿਆ ਸੀ। ਹਾਲਾਂਕਿ ਇਸ ਤੋਂ ਬਾਅਦ ਇਸ 'ਚ ਕੁਝ ਸੁਧਾਰ ਦਰਜ ਕੀਤਾ ਗਿਆ।
ਰੁਪਏ ਦੇ ਹੇਠਲੇ ਪੱਧਰ 'ਤੇ ਪਹੁੰਚਣ ਤੋਂ ਬਾਅਦ ਐਕਸਪੋਰਟ ਮਹਿੰਗਾ ਹੋਣ ਤੇ ਕਰੰਟ ਅਕਾਊਂਟ ਡੇਫੀਸਿਟ ਵਧਣ ਦੀਆਂ ਕਿਆਸਰਾਈਆਂ ਵਧ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਰੁਪਇਆ ਹੁਣ ਤੱਕ ਲਗਪਗ 10 ਫੀਸਦੀ ਤੋਂ ਜ਼ਿਆਦਾ ਟੁੱਟ ਚੁੱਕਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਹਫਤਿਆਂ 'ਚ ਰੁਪਇਆ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਕੇ 72 ਦਾ ਅੰਕੜਾ ਛੂਹ ਸਕਦਾ ਹੈ ਜਿਸ ਨਾਲ ਕੱਚਾ ਮਾਲ ਖਰੀਦਣਾ ਹੋਰ ਮਹਿੰਗਾ ਹੋ ਜਾਵੇਗਾ।