Russia Ukraine War: ਯੂਕਰੇਨ ਤੇ ਰੂਸ ਵਿਚਾਲੇ ਜੰਗ ਲੰਬੇ ਸਮੇਂ ਤੋਂ ਵਧਦੀ ਨਜ਼ਰ ਆ ਰਹੀ ਹੈ। ਰੂਸ ਨੇ ਵੀ ਯੂਕਰੇਨ 'ਤੇ ਹਮਲਾ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਯੁੱਧਗ੍ਰਸਤ ਦੇਸ਼ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਵੱਡੇ ਪੱਧਰ 'ਤੇ ਆਪਰੇਸ਼ਨ ਗੰਗਾ ਚਲਾ ਰਹੀ ਹੈ। ਅਜਿਹੇ 'ਚ ਹੁਣ ਤੱਕ 6200 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਦੇਸ਼ ਲਿਆਂਦਾ ਜਾ ਚੁੱਕਾ ਹੈ।


 




ਹਾਲਾਂਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ 2 ਦਿਨਾਂ 'ਚ 7400 ਤੋਂ ਵੱਧ ਭਾਰਤੀਆਂ ਨੂੰ ਉਨ੍ਹਾਂ ਦੇ ਵਤਨ ਵਾਪਸ ਲਿਆਂਦਾ ਜਾਵੇਗਾ। ਇਸ ਦੌਰਾਨ ਖ਼ਬਰਾਂ ਮਿਲ ਰਹੀਆਂ ਹਨ ਕਿ ਪਾਸੋਚਿਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ ਵਿਦਿਆਰਥੀਆਂ ਦੇ ਇਸ ਗਰੁੱਪ ਨੂੰ ਰੋਮਾਨੀਆ ਬਾਰਡਰ ਵੱਲ ਲਿਜਾਇਆ ਜਾ ਰਿਹਾ ਹੈ। ਇਹ ਵਿਦਿਆਰਥੀ ਖਾਰਕੀਵ ਛੱਡ ਕੇ ਪਿਛਲੇ ਦੋ ਦਿਨਾਂ ਤੋਂ ਪਾਸੋਚਿਨ ਵਿੱਚ ਸਨ।

ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਯੂਕਰੇਨ ਤੋਂ ਨਿਕਲ ਕੇ ਪਾਸੋਚਿਨ ਆਏ ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਸੋਚਿਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਵਿਦੇਸ਼ ਮੰਤਰਾਲੇ ਮੁਤਾਬਕ 900 ਤੋਂ 1000 ਭਾਰਤੀ ਉੱਥੇ ਫਸੇ ਹੋਏ ਹਨ।


ਜਾਣਕਾਰੀ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਫਲਾਈਟ IX 1202 ਭਾਰਤੀਆਂ ਦੇ ਛੇਵੇਂ ਜਥੇ ਨੂੰ ਸ਼ਨੀਵਾਰ, 5 ਮਾਰਚ, 2022 ਨੂੰ ਮੁੰਬਈ ਵਾਪਸ ਲਿਆਵੇਗੀ। ਜਿਸ ਦਾ ਸਵਾਗਤ MSME ਦੇ ਕੇਂਦਰੀ ਮੰਤਰੀ ਸ਼੍ਰੀ ਨਰਾਇਣ ਰਾਣੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 'ਤੇ ਕਰਨਗੇ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ 5 ਮਾਰਚ 2022 ਨੂੰ ਸੰਭਾਵਿਤ ਸਮੇਂ 'ਤੇ 01:30 ਵਜੇ ਲੈਂਡ ਕਰੇਗੀ।