ਬਾਰਾਬਾਂਕੀ: ਤੁਹਾਡਾ ਕੰਮ ਕਿਵੇਂ ਚੱਲਦਾ ਹੈ। ਬੱਚਿਆਂ ਦੀ ਪੜ੍ਹਾਈ ਹੋ ਰਹੀ ਹੈ ਕਿ ਨਹੀਂ? ਜਮੀਰੂਦੀਨ ਤੇ ਇਲਿਆਸ ਦੀ ਸਲਾਬੇ ਭਰੀ ਕੋਠੜੀ ਦੇ ਦਰਵਾਜ਼ੇ ਤੱਕ ਪਹੁੰਚਣ ‘ਤੇ ਬੇਹੱਦ ਆਮ ਸਵਾਲ ਜਦ ਕ੍ਰਿਕਟ ਸੰਸਾਰ ਦੇ ਪ੍ਰਸਿੱਧ ਖਿਡਾਰੀ ਨੇ ਪੁੱਛੇ ਤਾਂ ਇਸ ਜੁਲਾਹਾ ਪਰਿਵਾਰ ਦੇ ਤਾਂ ਹੋਸ਼ ਹੀ ਉੱਡ ਗਏ।

ਬਾਰਾਬਾਂਕੀ ਦੇ ਬੜਾ ਪਿੰਡ ਦੇ ਲੋਕਾਂ ਨੇ ਮੈਦਾਨ ਵਿੱਚ ਗੇਂਦਬਾਜ਼ਾਂ ਦੇ ਛੱਕੇ ਛਡਾਉਂਦੇ ਤੇ ਇਸ਼ਤਿਹਾਰਾਂ ਵਿੱਚ ਸਚਿਨ ਤੇਂਦੁਲਕਰ ਨੂੰ ਦੇਖਿਆ ਸੀ ਪਰ ਕੱਲ੍ਹ ਹੂ-ਬ-ਹੂ ਦੇਖ ਕੇ ਆਪਣੀਆਂ ਅੱਖਾਂ ਉੱਤੇ ਯਕੀਨ ਨਹੀਂ ਹੋ ਰਿਹਾ ਸੀ। ਮਸੌਲੀ ਦੇ ਬੜਾ ਪਿੰਡ ਵਿੱਚ ਸਚਿਨ ਤੇਂਦੁਲਕਰ ਨੇ ਸ਼ਨਾਈਡਰ ਇਲੈਕਟ੍ਰਿਕ ਰਾਹੀਂ ਇੱਥੋਂ ਦੇ 350 ਪਰਿਵਾਰਾਂ ਨੂੰ ਸੋਲਰ ਇਲੈਕਟ੍ਰਿਕ ਸਿਸਟਮ ਦਿੱਤੇ।

ਇਹ ਲਾਈਟਾਂ ਖੱਡੀ ਦਾ ਕੰਮ ਕਰਨ ਵਾਲੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੇ ਘਰਾਂ ਤੇ ਝੌਂਪੜੀਆਂ ਵਿੱਚ ਸ਼ਾਮ ਹੁੰਦੇ ਹਨ੍ਹੇਰਾ ਛਾ ਜਾਂਦਾ ਸੀ। ਹਨ੍ਹੇਰੇ ਵਿੱਚ ਢਿੱਬਰੀ ਦੀ ਰੌਸ਼ਨੀ ਵਿੱਚ ਜਰਦੋਜੀ ਤੇ ਕੱਪੜਾ ਬੁਣਾਈ ਦਾ ਕੰਮ ਬੰਦ ਹੋ ਜਾਂਦਾ ਸੀ, ਪਰ ਸੋਲਰ ਸਿਸਟਮ ਨਾਲ ਜੁਲਾਹੇ ਤੇ ਜਰਦੋਜੀ ਸ਼ਿਲਪਕਾਰ ਹੁਣ ਰਾਤ ਵੀ ਆਪਣੇ ਘਰਾਂ ਵਿੱਚ ਕੰਮ ਕਰ ਸਕਣਗੇ। ਸਚਿਨ ਨੇ ਇਨ੍ਹਾਂ ਪਰਿਵਾਰਾਂ ਦੇ ਜੀਵਨ ਵਿੱਚ ਆਏ ਬਦਲਾਅ ਨਾਲ ਰੂ-ਬ-ਰੂ ਹੋਣ ਬਾਰਾਬਾਂਕੀ ਪਹੁੰਚੇ ਸਨ। ਜਮੀਰੂਦੀਨ ਨੇ ਸਚਿਨ ਨੂੰ ਦੱਸਿਆ ਕਿ ਹੁਣ ਖੱਡੀ ਤੇ ਜਰਦੋਜੀ ਦਾ ਕੰਮ ਸਹੀ ਚੱਲ ਰਿਹਾ ਹੈ। ਲਾਈਟ ਮਿਲੀ ਹੈ ਤਾਂ ਬੱਚੇ ਵੀ ਪੜ੍ਹਦੇ-ਲਿਖਦੇ ਹਨ। ਇਲਿਆਸ ਦੇ ਘਰ ਉਨ੍ਹਾਂ ਦੀ ਬੇਟੀ ਜੁਲੇਖਾ ਬਾਨੋ ਖੱਡੀ ‘ਤੇ ਕੰਮ ਕਰਦੀ ਮਿਲੀ।

ਸਚਿਨ ਤੇਂਦੁਲਕਰ ਦੇ ਪੁੱਛਣ ‘ਤੇ ਉਨ੍ਹਾਂ ਨੂੰ ਦੱਸਿਆ ਗਿਆ ‘ਪਹਿਲਾਂ ਢਿਬਰੀ ਬਾਲਦੇ ਸੀ ਸਾਹਿਬ। ਢਿਬਰੀ ਦਾ ਤੇਲ ਕੱਪੜਿਆਂ ਉੱਤੇ ਡਿੱਗ ਜਾਂਦਾ ਤਾਂ ਮਜ਼ਦੂਰੀ ਵਿੱਚੋਂ ਕੀਮਤ ਦੇਣੀ ਪੈਂਦੀ। ਹੁਣ ਲਾਈਟ ਵਿੱਚ ਬੁਣਾਈ ਦਾ ਕੰਮ, ਜ਼ਰੀ ਦਾ ਮਹੀਨ ਕੰਮ ਵੱਧ ਹੋ ਜਾਂਦਾ ਹੈ।’ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਾਸਟਰ ਬਲਾਸਟਰ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਕਿਹਾ, ਹਨ੍ਹੇਰਾ ਵਿੱਚ ਜਿਊਣ ਦੇ ਆਦੀ ਹੋ ਚੁੱਕੇ ਗ਼ਰੀਬ ਪਰਵਾਰਾਂ ਨੂੰ ਸੋਲਰ ਬਿਜਲੀ ਦੇਣ ਦੀ ਸ਼ੁਰੂਆਤ ਯੂਪੀ ਦੇ ਬੜਾ ਪਿੰਡ ਤੋਂ ਕਰਦੇ ਹੋਏ ਬੇਹੱਦ ਖ਼ੁਸ਼ੀ ਹੋ ਰਹੀ ਹੈ।