ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਦਾ ਦਾਅਵਾ ਹੈ ਕਿ ਅੱਜ ਦਾ ਭਾਰਤ ਬੰਦ ਇਤਿਹਾਸਕ ਹੋ ਨਿੱਬੜੇਗਾ। ਅੱਜ ਦਾ ਐਕਸ਼ਨ ਕੇਂਦਰ ਵਿੱਚਲੀ ਮੋਦੀ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗਾ। ਕਿਸਾਨ ਲੀਡਰਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਅਪਣਾਏ ਗਏ ਗੈਰ-ਜਮਹੂਰੀ ਤੇ ਅਣਮਨੁੱਖੀ ਵਿਵਹਾਰ ਖ਼ਿਲਾਫ਼ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ।


ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਸਰਕਾਰ ਨੇ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਹੈ ਕਿ ਰਾਜ ’ਚ ਬੱਸਾਂ ਲੰਘੀ ਰਾਤ ਤੋਂ ਹੀ ਬੰਦ ਹਨ। ਮੋਰਚੇ ਨੇ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਬੰਦ ਨੂੰ ਹਮਾਇਤ ਦਿੱਤੀ ਹੈ।


ਇਸੇ ਤਰ੍ਹਾਂ ਝਾਰਖੰਡ ਮੁਕਤੀ ਮੋਰਚਾ, ਕਾਂਗਰਸ, ਆਰਜੇਡੀ ਤਾਮਿਲਨਾਡੂ ਵਿੱਚ ਸੱਤਾਧਾਰੀ ਡੀਐਮਕੇ, ਸੀਪੀਐਮ, ਸੀਪੀਆਈ, ਫਾਰਵਰਡ ਬਲਾਕ, ਸਮਾਜਵਾਦੀ ਪਾਰਟੀ, ਸੀਪੀਆਈ-ਐਮਐਲ (ਲਿਬ), ਸੀਪੀਆਈ-ਐਮਐਲ (ਐਨਡੀ), ਐਸਯੂਸੀਆਈ (ਸੀ), ਐਮਸੀਪੀਆਈ, ਐਮਸੀਪੀਆਈ (ਯੂ), ਆਰਐਮਪੀਆਈ ਤੋਂ ਇਲਾਵਾ ‘ਆਪ’, ਟੀਡੀਪੀ, ਜੇਡੀ (ਐਸ), ਬਸਪਾ, ਐਨਸੀਪੀ, ਅਕਾਲੀ ਦਲ (ਯੂਨਾਈਟਿਡ), ਵਾਈਐਸਆਰਸੀਪੀ, ਸਵਰਾਜ ਇੰਡੀਆ, ਆਲ ਇੰਡੀਆ ਵਕੀਲ ਯੂਨੀਅਨ ਦੀਆਂ ਕਈ ਬਾਰ ਐਸੋਸੀਏਸ਼ਨਾਂ ਤੇ ਸਥਾਨਕ ਇਕਾਈਆਂ ਤੇ ਹੋਰਾਂ ਨੇ ਭਾਰਤ ਬੰਦ ਨੂੰ ਆਪਣਾ ਸਮਰਥਨ ਦਿੱਤਾ ਹੈ।


ਕਿਸਾਨ ਲੀਡਰਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਜੇ ਵੀ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਭਾਜਪਾ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਬਿੱਲਾਂ ’ਤੇ ਦਸਤਖ਼ਤ ਕਰਕੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਹੋਣ ਨਾਲ ਆਮ ਲੋਕਾਂ ਨੂੰ ਵੀ ਨੁਕਸਾਨ ਹੋਵੇਗਾ ਤੇ ਉਨ੍ਹਾਂ ਨੂੰ ਵੱਡੇ ਘਰਾਣਿਆਂ ਦੇ ਉਦਯੋਗਪਤੀਆਂ ਦੇ ਸਹਾਰੇ ਰਹਿਣਾ ਪਵੇਗਾ।


ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ‘ਭਾਰਤ ਬੰਦ’ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾਵੇਗਾ। ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ, ਐਂਬੂਲੈਂਸ ਤੇ ਹੋਰ ਸਿਹਤ ਸਹੂਲਤਾਂ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ, ਸਸਕਾਰ, ਬਿਮਾਰੀ ਤੇ ਵਿਆਹ-ਸ਼ਾਦੀ ਦੇ ਸਮਾਗਮ ਕੀਤੇ ਜਾ ਸਕਣਗੇ। ਮੋਰਚੇ ਦੇ ਆਗੂਆਂ ਨੇ ਕਿਸਾਨਾਂ ਨੂੰ ਵੀ ‘ਭਾਰਤ ਬੰਦ’ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।


ਸੰਯੁਕਤ ਕਿਸਾਨ ਮੋਰਚੇ ਨੇ ‘ਭਾਰਤ ਬੰਦ’ ਦੌਰਾਨ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀ ਹਮਾਇਤ ’ਚ ਬੰਦ ਨੂੰ ਪੂਰਨ ਸਹਿਯੋਗ ਦੇਣ। ਕਿਸਾਨ ਆਗੂਆਂ ਨੇ ਕਿਹਾ ਕਿ ਭਲਕੇ ਸਾਰੇ ਦਫ਼ਤਰ, ਬਾਜ਼ਾਰ, ਦੁਕਾਨਾਂ ਤੇ ਸਨਅਤਾਂ ਨੂੰ ਬੰਦ ਰੱਖਿਆ ਜਾਵੇ। ਇਸ ਤੋਂ ਇਲਾਵਾ ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਸਿੱਖਿਆ ਕੇਂਦਰਾਂ ਨੂੰ ਵੀ ਬੰਦ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਤੇ ਸਮਾਜਿਕ ਸਮਾਗਮਾਂ ਨੂੰ ਵੀ ਨਹੀਂ ਹੋਣ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ: Punjab Medical Fees: ਪੰਜਾਬ 'ਚ ਮੈਡੀਕਲ ਦੀ ਪੜਾਈ ਹੋਈ ਮਹਿੰਗੀ, ਇਸ ਕਾਰਨ ਐਮਬੀਬੀਐਸ ਦੀ ਫੀਸ 'ਚ ਕੀਤਾ ਗਿਆ 5 ਫੀਸਦੀ ਦਾ ਵਾਧਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904