ਗੋਲਡ ਕੋਸਟ: ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਨੇ ਆਸਟਰੇਲੀਆ ’ਚ ਖੇਡੀਆਂ ਜਾ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਭਾਰਤ ਦੀ ਝੋਲੀ ਇੱਕ ਹੋਰ ਸੋਨ ਤਗ਼ਮਾ ਪਾਇਆ। ਸੰਜੀਵ ਨੇ ਬੇਲਮੋਂਟ ਸ਼ੂਟਿੰਗ ਸੈਂਟਰ ਪੁਰਸ਼ਾਂ ਦੇ 50 ਮੀਟਰ ਰਾਈਫਲ-3 ਪੁਜ਼ੀਸ਼ਨ ਈਵੈਂਟ ਵਿੱਚ ਗੋਲਡ ਮੈਡਲ ਹਾਸਲ ਕੀਤਾ। ਇਸੇ ਈਵੈਂਟ ਵਿੱਚ ਭਾਰਤ ਦੇ ਚੈਨ ਸਿੰਘ ਨੂੰ 5ਵਾਂ ਸਥਾਨ ਮਿਲਿਆ ਹੈ।
ਸੰਜੀਵ ਨੇ ਕੁੱਲ 454.5 ਦਾ ਸਕੋਰ ਬਣਾਉਂਦਿਆਂ ਖੇਡ ਰਿਕਾਰਡ ਨਾਲ ਸੋਨੇ ’ਤੇ ਕਬਜ਼ਾ ਕੀਤਾ। ਕੈਨੇਡਾ ਦੇ ਗਰੇਜ਼ਗੋਰਜ਼ ਸਿਆਚ ਨੇ ਸਿਲਵਰ ਮੈਡਲ ’ਤੇ ਕਬਜ਼ਾ ਕੀਤਾ ਜਿਸ ਨੇ 448.4 ਦਾ ਸਕੋਰ ਬਣਾਇਆ। ਇੰਗਲੈਂਡ ਦੇ ਡੀਨ ਬੇਲ ਨੇ 441.2 ਦਾ ਸਕੋਰ ਬਣਾਉਂਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ।
ਸੰਜੀਵ ਨੇ ਕੁਆਲੀਫਿਕੇਸ਼ਨ ਵਿੱਚ 1180 ਦੇ ਖੇਡ ਰਿਕਾਰਡ ਨਾਲ ਪਹਿਲਾ ਸਥਾਨ ਹਾਸਲ ਕਰਦਿਆਂ ਫਾਈਨਲ ’ਚ ਆਪਣੀ ਜਗ੍ਹਾ ਬਣਾ ਲਈ ਹੈ।