SCO Summit 2024 : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਮੰਗਲਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਉਦਘਾਟਨੀ ਦਿਨ ਦੇ ਖਾਣੇ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸਮੇਤ ਵਿਦੇਸ਼ੀ ਪਤਵੰਤਿਆਂ ਦਾ ਸਵਾਗਤ ਕੀਤਾ। ਰਾਤ ਦੇ ਖਾਣੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨਾਲ ਸੰਖੇਪ ਗੱਲਬਾਤ ਵੀ ਕੀਤੀ। ਇਸ ਦੌਰਾਨ ਦੋਹਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਦੇਖਣ ਨੂੰ ਮਿਲੀ।
ਐਸਸੀਓ ਵਿੱਚ ਚੀਨ, ਭਾਰਤ, ਰੂਸ, ਪਾਕਿਸਤਾਨ, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਬੇਲਾਰੂਸ ਸ਼ਾਮਲ ਹਨ, ਜਦੋਂ ਕਿ 16 ਹੋਰ ਦੇਸ਼ ਨਿਰੀਖਕ ਜਾਂ ਗੱਲਬਾਤ ਭਾਈਵਾਲ ਵਜੋਂ ਜੁੜੇ ਹੋਏ ਹਨ। ਪਾਕਿਸਤਾਨ 2017 ਵਿੱਚ ਕਜ਼ਾਕਿਸਤਾਨ ਵਿੱਚ ਹੋਏ ਐਸਸੀਓ ਸੰਮੇਲਨ ਵਿੱਚ ਪੂਰਨ ਮੈਂਬਰ ਬਣਿਆ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸ਼ਿਰਕਤ ਕੀਤੀ ਸੀ। ਵਰਤਮਾਨ ਵਿੱਚ, ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ SCO ਦੇ ਰਾਜ ਮੁਖੀਆਂ ਦੀ ਕੌਂਸਲ (CHD) ਦੇ ਚੇਅਰਮੈਨ ਵਜੋਂ ਸੰਮੇਲਨ ਦੀ ਪ੍ਰਧਾਨਗੀ ਕਰ ਰਹੇ ਹਨ।
9 ਸਾਲਾਂ ਬਾਅਦ ਕਿਸੇ ਕੇਂਦਰੀ ਮੰਤਰੀ ਨੇ ਕੀਤਾ ਪਾਕਿਸਤਾਨ ਦਾ ਦੌਰਾ
ਜੈਸ਼ੰਕਰ ਦੀ ਪਾਕਿਸਤਾਨ ਫੇਰੀ ਦੀ ਗੱਲ ਕਰੀਏ ਤਾਂ ਤਕਰੀਬਨ ਇੱਕ ਦਹਾਕੇ ਦੇ ਵਕਫ਼ੇ ਤੋਂ ਬਾਅਦ ਕਿਸੇ ਕੇਂਦਰੀ ਮੰਤਰੀ ਦੀ ਇਹ ਪਹਿਲੀ ਪਾਕਿਸਤਾਨ ਯਾਤਰਾ ਹੈ। ਜਦੋਂ ਜੈਸ਼ੰਕਰ ਨੇ ਪਾਕਿਸਤਾਨੀ ਧਰਤੀ 'ਤੇ ਪੈਰ ਰੱਖਿਆ ਤਾਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਦੱਖਣੀ ਏਸ਼ੀਆ ਦੇ ਡਾਇਰੈਕਟਰ ਜਨਰਲ ਇਲਿਆਸ ਮਹਿਮੂਦ ਨਿਜ਼ਾਮੀ ਅਤੇ ਹੋਰ ਅਧਿਕਾਰੀਆਂ ਨੇ ਨੂਰ ਖਾਨ ਏਅਰਬੇਸ 'ਤੇ ਉਨ੍ਹਾਂ ਦਾ ਸਵਾਗਤ ਕੀਤਾ।
ਜੈਸ਼ੰਕਰ ਨੇ ਆਪਣੇ ਦੌਰੇ ਦੌਰਾਨ ਦੁਵੱਲੇ ਸਬੰਧਾਂ 'ਤੇ ਚਰਚਾ ਤੋਂ ਇਨਕਾਰ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੈਸ਼ੰਕਰ "ਐਸਸੀਓ ਮੀਟਿੰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ" ਅਤੇ ਭਾਰਤ ਫੋਰਮ ਵਿੱਚ ਸਰਗਰਮੀ ਨਾਲ ਸ਼ਾਮਲ ਰਹੇਗਾ। ਹਾਲਾਂਕਿ ਇਹ ਯਾਤਰਾ ਉਮੀਦ ਮੁਤਾਬਕ ਸੰਖੇਪ ਨਹੀਂ ਹੋਵੇਗੀ, ਪਰ ਜੈਸ਼ੰਕਰ 24 ਘੰਟਿਆਂ ਤੋਂ ਵੱਧ ਪਾਕਿਸਤਾਨ ਵਿੱਚ ਨਹੀਂ ਰੁਕਣਗੇ ਅਤੇ ਫਿਰ ਭਾਰਤ ਪਰਤਣਗੇ।