ਨਵੀਂ ਦਿੱਲੀ: ਭਾਰਤ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਿੱਥੇ ਜੱਜ ਕਿਸੇ ਸਮਾਗਮ ਜਾਂ ਵਿਆਹ ਸ਼ਾਦੀ 'ਚ ਜਾਣ ਤੋਂ ਵੀ ਗੁਰੇਜ਼ ਕਰਦੇ ਹਨ, ਉੱਥੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਚਾਰ ਸੀਨੀਅਰ ਜੱਜ ਮੀਡੀਆ ਸਾਹਮਣੇ ਆਏ। ਇਨ੍ਹਾਂ ਜੱਜਾਂ ਨੇ ਦੇਸ਼ ਦੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ 'ਤੇ ਕਈ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਮੁੱਖ ਜੱਜ ਨੂੰ ਪਹਿਲਾਂ ਲਿਖੀ ਚਿੱਠੀ ਨੂੰ ਜਨਤਕ ਕਰਨ ਦੀ ਗੱਲ ਵੀ ਆਖੀ।
ਪੱਤਰਕਾਰ ਮਿਲਣੀ ਦੌਰਾਨ ਜਸਟਿਸ ਚਲਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਭੀਮਰਾਵ ਲੋਕੁਰ ਤੇ ਜਸਟਿਸ ਕੁਰੀਅਨ ਜੋਸੇਫ ਨੇ ਸੁਪਰੀਮ ਕੋਰਟ ਦੇ ਬੀਤੇ ਦੋ ਮਹੀਨਿਆਂ ਦੇ ਮਾਹੌਲ ਬਾਰੇ ਕਈ ਖੁਲਾਸੇ ਕੀਤੇ। ਚੀਫ ਜਸਟਿਸ ਤੋਂ ਬਾਅਦ ਦੂਜੇ ਸਥਾਨ 'ਤੇ ਆਉਣ ਵਾਲੇ ਜੱਜ ਚਲਮੇਸ਼ਵਰ ਨੇ ਕਿਹਾ,"ਅਸੀਂ ਚਾਰੇ ਇਸ ਗੱਲ 'ਤੇ ਸਹਿਮਤ ਹਾਂ ਕਿ ਜਦੋਂ ਤਕ ਇਸ ਸੰਸਥਾ ਨੂੰ ਸੁਰੱਖਿਅਤ ਨਹੀਂ ਕੀਤਾ ਜਾਂਦਾ ਤੇ ਇਸ ਦੀ ਮਰਿਆਦਾ ਨੂੰ ਬਰਕਰਾਰ ਨਹੀਂ ਰੱਖਿਆ ਜਾਂਦਾ, ਉਦੋਂ ਤਕ ਲੋਕਤੰਤਰ ਇਸ ਦੇਸ਼ ਜਾਂ ਕਿਸੇ ਵੀ ਦੇਸ਼ ਨੂੰ ਬਚਾ ਨਹੀਂ ਸਕਦਾ। ਲੋਕਤੰਤਰ ਦੀ ਸੁਰੱਖਿਆ ਲਈ ਚੰਗੇ ਲੋਕਤੰਤਰ ਦੇ ਨਾਲ ਆਜ਼ਾਦ ਤੇ ਪੱਖਪਾਤ ਤੋਂ ਰਹਿਤ ਜੱਜ ਦਾ ਹੋਣਾ ਬਹੁਤ ਜ਼ਰੂਰੀ ਹੈ। ਜੱਜ ਇੱਥੇ ਸੰਕੇਤਕ ਹੈ, ਦਰਅਸਲ ਇਹ ਸੰਸਥਾ ਹੈ।"
ਜੱਜਾਂ ਦੀ ਚੀਫ ਜਸਟਿਸ ਦੇ ਨਾਂ ਚਿੱਠੀ 'ਚ ਕੀ?
ਸੱਤ ਸਫ਼ਿਆਂ ਦੀ ਇਸ ਚਿੱਠੀ ਵਿੱਚ ਕਈ ਵਿਵਾਦਾਂ ਦਾ ਜ਼ਿਕਰ ਕੀਤਾ ਗਿਆ ਹੈ। ਚਿੱਠੀ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਦੇ ਮਨਮਰਜ਼ੀ ਵਾਲੇ ਰਵੱਈਏ ਦਾ ਜ਼ਿਕਰ ਕੀਤਾ ਗਿਆ ਹੈ। ਚੀਫ ਜਸਟਿਸ ਤੇ ਇਨ੍ਹਾਂ ਚਾਰਾਂ ਸੀਨੀਅਰ ਜੱਜਾਂ ਦਰਮਿਆਨ ਅਧਿਕਾਰਾਂ ਬਾਰੇ ਵਿਵਾਦ ਹੈ। ਇਹ ਵਿਵਾਦ ਕੇਸ ਕਿਸ ਕੋਲ ਜਾਣ, ਇਹ ਤੈਅ ਹੋਣ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਚਿੱਠੀ ਵਿੱਚ ਗੁਜਰਾਤ ਦੇ ਸੋਹਰਾਬੁੱਦੀਨ ਐਨਕਾਊਂਟਰ ਦਾ ਵੀ ਵਿਸ਼ੇਸ਼ ਜ਼ਿਕਰ ਹੈ।