ਚੰਡੀਗੜ੍ਹ: ਐਨਡੀਏ ਦੀ ਸਹਿਯੋਗੀ ਪਾਰਟੀ ਅਕਾਲੀ ਦਲ ਤੇ ਬੀਜੇਪੀ ਵਿਚਾਲੇ ਤਕਰਾਰ ਹੌਲੀ-ਹੌਲੀ ਸਾਹਮਣੇ ਆ ਰਹੀ ਹੈ। ਬਜਟ ਸੈਸ਼ਨ ਸਬੰਧੀ ਵੀਰਵਾਰ ਨੂੰ ਐਨਡੀਏ ਵੱਲੋਂ ਬੈਠਕ ਬੁਲਾਈ ਗਈ ਸੀ ਪਰ ਅਕਾਲੀ ਦਲ ਨੇ ਇਸ ਤੋਂ ਦੂਰੀ ਬਣਾਈ ਰੱਖੀ। ਹਾਲਾਂਕਿ ਇਸ ਬੈਠਕ ਵਿੱਚ ਸ਼ਾਮਲ ਨਾ ਹੋਣ ਬਾਅਦ ਵੀ ਬੀਜੇਪੀ ਤੇ ਅਕਾਲੀ ਦਲ ਦੇ ਆਹਲਾ ਲੀਡਰਾਂ ਵੱਲੋਂ ਕੋਈ ਸਫਾਈ ਨਹੀਂ ਆਈ। ਦੋਵਾਂ ਪਾਰਟੀਆਂ ਦੇ ਲੀਡਰਾਂ ਨੇ ਇਸ ਨੂੰ ਸੰਜੋਗ ਕਰਾਰ ਦਿੱਤਾ ਹੈ।


ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ 18 ਫਰਵਰੀ ਨੂੰ ਸਾਲ 2019-20 ਦਾ ਬਜਟ ਪੇਸ਼ ਕਰੇਗੀ। ਮੰਤਰੀ ਮੰਡਲ ਦੀ ਬੈਠਕ ਵਿੱਚ 12 ਤੋਂ 21 ਫਰਵਰੀ ਤਕ ਵਿਧਾਨ ਸਭਾ ਦਾ ਬਜਟ ਇਜਲਾਸ ਸੱਦਣ ਦਾ ਫੈਸਲਾ ਲਿਆ ਗਿਆ ਹੈ। ਇਸੇ ਤਹਿਤ ਬਜਟ ਤੋਂ ਪਹਿਲਾਂ ਅੱਜ NDA ਦੀ ਮੀਟਿੰਗ ਹੋਈ ਪਰ ਸ਼੍ਰੋਮਣੀ ਅਕਾਲੀ ਦਲ ਮੀਟਿੰਗ ਵਿੱਚੋਂ ਗੈਰ ਹਾਜ਼ਰ ਰਿਹਾ। ਇਸ ਸਬੰਧੀ ਅਕਾਲੀ ਦਲ ਦੇ ਐਮਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੀਟਿੰਗ ਵਿੱਚੋਂ ਆਪਣੇ ਗੈਰ-ਹਾਜ਼ਰ ਰਹਿਣ ਸਬੰਧੀ ਕਿਹਾ ਕਿ ਉਨ੍ਹਾਂ ਨੇ ਅੱਜ ਹੀ ਕਿਸੇ ਹੋਰ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸੀ। ਇਸੇ ਲਈ ਉਹ ਮੀਟਿੰਗ ਦਾ ਹਿੱਸਾ ਨਹੀਂ ਬਣ ਸਕੇ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਸੁਲਝਾਉਣ ਦੀ ਲੋੜ ਹੈ ਤੇ ਜਲਦੀ ਹੀ ਆਪਸੀ ਸਹਿਮਤੀ ਨਾਲ ਮਸਲਾ ਹਰ ਕਰ ਲਿਆ ਜਾਏਗਾ।


ਉੱਧਰ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕਿਹਾ ਕਿ ਬੀਜੇਪੀ ਲਗਾਤਾਰ ਗੁਰਦੁਆਰਾ ਪ੍ਰਬੰਧਾਂ ਵਿੱਚ ਅੜਿੱਕੇ ਡਾਹ ਰਹੀ ਹੈ। ਇਸੇ ਲਈ ਉਨ੍ਹਾਂ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।


ਇਸ ਮੁੱਦੇ ਸਬੰਧੀ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਰਬਦਲੀ ਬੈਠਕ ਵਿੱਚ ਹਿੱਸਾ ਲਿਆ ਸੀ, ਪਰ ਕੁਝ ਜ਼ਰੂਰੀ ਕੰਮ ਦੀ ਵਜ੍ਹਾ ਕਰਕੇ ਉਹ ਇਸ ਬੈਠਕ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਨੇ ਉਨ੍ਹਾਂ ਨੂੰ ਇਸ ਸਬੰਧੀ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ।


ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬੀਜੇਪੀ ਤੇ ਉਸ ਦੀ ਸਹਿਯੋਗੀ ਪਾਰਟੀ ਅਕਾਲੀ ਦਲ ਵਿਚਾਲੇ ਕੁਝ ਮੁੱਦਿਆਂ ਨੂੰ ਲੈ ਕੇ ਮਤਭੇਦ ਚੱਲ ਰਹੇ ਹਨ ਅਤੇ ਹੁਣ ਬਜਟ ਸੈਸ਼ਨ ਲਈ ਰੱਖੀ ਬੈਠਕ ਵਿੱਚ ਸ਼ਾਮਲ ਨਾ ਹੋਣ ’ਤੇ ਮਨਮਿਟਾਵ ਨੂੰ ਹੋਰ ਵੀ ਬਲ ਮਿਲ ਗਿਆ ਹੈ। ਯਾਦ ਰਹੇ ਕਿ ਬੀਜੇਪੀ ਦੀ ਸਭ ਤੋਂ ਪੁਰਾਣੀ ਸਹਿਯੋਗੀ ਪਾਰਟੀ ਅਕਾਲੀ ਦਲ ਨੇ ਗੁਰਦੁਆਰਾ ਮਾਮਲਿਆਂ ਵਿੱਚ ਦਖ਼ਲ ਦੇਣ ਲਈ ਅਲਟੀਮੇਟਮ ਦਿੱਤਾ ਹੈ। ਅਕਾਲੀ ਦਲ ਨੇ ਸਾਫ ਕਿਹਾ ਹੈ ਕਿ ਜੇ ਗੁਰਦੁਆਰਾ ਮਾਮਲਿਆਂ ਵਿੱਚ ਬੀਜੇਪੀ ਨੇ ਦਖ਼ਲਅੰਦਾਜ਼ੀ ਬੰਦ ਨਹੀਂ ਕੀਤੀ ਤਾਂ ਗਠਜੋੜ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖੇਗਾ।