ਮੁੰਬਈ: ਮਹਾਰਾਸ਼ਟਰ ਵਿੱਚ ਸਰਕਾਰ ਬਣਨ ਨੂੰ ਲੈ ਕੇ ਚੱਲ ਰਹੇ ਰੇੜ੍ਹਕੇ ਦੇ ਚੱਲਦਿਆਂ ਰਾਉਤ ਦੇ ਇਸ ਬਿਆਨ ਨੇ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਸਨਸਨੀ ਪੈਦਾ ਕਰ ਦਿੱਤੀ ਹੈ ਕਿ ਸ਼ਿਵ ਸੈਨਾ ਐਨਸੀਪੀ ਤੇ ਕਾਂਗਰਸ ਵਰਗੀਆਂ ਵਿਰੋਧੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਏਗੀ। ਉੱਧਰ ਸ਼ਿਵਸੈਨਾ ਨੂੰ ਸਮਰਥਨ ਦੇਣ ਦੇ ਚੱਕਰ ਵਿੱਚ ਕਾਂਗਰਸ ਦੀ ਅੰਦਰੂਨੀ ਫੁੱਟ ਜੱਗ ਜ਼ਾਹਰ ਹੋ ਰਹੀ ਹੈ।


ਰਾਉਤ ਦਾ ਇਹ ਬਿਆਨ ਇਸ ਲਈ ਮਹੱਤਵਪੂਰਣ ਹੈ ਕਿਉਂਕਿ ਕੱਲ੍ਹ ਸ਼ਾਮ ਰਾਊਤ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਕਰਕੇ ਆਏ ਹਨ, ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਇਹ ਮੁਲਾਕਾਤ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਸੀ। 24 ਅਕਤੂਬਰ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਰਾਉਤ ਦੀ ਪਵਾਰ ਨਾਲ ਇਹ ਦੂਜੀ ਮੁਲਾਕਾਤ ਸੀ। ਅੰਕੜਿਆਂ 'ਤੇ ਨਜਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਐਨਸੀਪੀ ਤੇ ਕਾਂਗਰਸ ਦੀ ਮਦਦ ਨਾਲ ਸ਼ਿਵਸੈਨਾ ਦੀ ਸਰਕਾਰ ਬਣ ਸਕਦੀ ਹੈ।


ਮਹਾਰਾਸ਼ਟਰ ਦੀ ਵਿਧਾਨ ਸਭਾ ਦੀਆਂ 288 ਸੀਟਾਂ ਹਨ। ਇਨ੍ਹਾਂ ਵਿੱਚੋਂ ਸ਼ਿਵ ਸੈਨਾ ਦੀਆਂ 56 ਸੀਟਾਂ, ਐਨਸੀਪੀ ਕੋਲ 54 ਸੀਟਾਂ ਅਤੇ ਕਾਂਗਰਸ ਕੋਲ 44 ਸੀਟਾਂ ਹਨ। ਇਸ ਕੇਸ ਵਿੱਚ, ਤਿੰਨੋਂ ਪਾਰਟੀਆਂ ਦੇ ਵਿਧਾਇਕਾਂ ਦੀ ਕੁੱਲ ਗਿਣਤੀ 154 ਹੈ, ਜੋ ਕਿ 145 ਦੇ ਬਹੁਮਤ ਦੇ ਅੰਕੜਿਆਂ ਤੋਂ ਵੱਧ ਹੈ।


ਉੱਧਰ ਸ਼ਿਵ ਸੈਨਾ ਨੂੰ ਸਮਰਥਨ ਦੇਣ ਲਈ ਕਾਂਗਰਸ ਵਿੱਚ ਹੀ ਅੰਦਰੂਨੀ ਵਿਰੋਧ ਸ਼ੁਰੂ ਹੋ ਗਿਆ ਹੈ। ਸੀਨੀਅਰ ਨੇਤਾ ਸੁਸ਼ੀਲ ਕੁਮਾਰ ਸ਼ਿੰਦੇ ਤੇ ਸੰਜੇ ਨਿਰੂਪਮ ਨੇ ਕਿਹਾ ਹੈ ਕਿ ਸ਼ਿਵ ਸੈਨਾ ਦਾ ਸਮਰਥਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਲਾਂਕਿ, ਐਨਸੀਪੀ ਨੇ ਆਪਣੇ ਪੱਤੇ ਨਹੀਂ ਖੋਲ੍ਹੇ। ਐਨਸੀਪੀ ਦਾ ਕਹਿਣਾ ਹੈ ਕਿ ਉਹ ਵਿਰੋਧੀ ਧਿਰ ਵਿੱਚ ਬੈਠਣ ਲਈ ਤਿਆਰ ਹੈ ਪਰ ਜੇ ਸ਼ਿਵ ਸੈਨਾ ਵੱਲੋਂ ਕੋਈ ਪ੍ਰਸਤਾਵ ਆਇਆ ਤਾਂ ਇਸ ‘ਤੇ ਵਿਚਾਰ ਕੀਤਾ ਜਾਵੇਗਾ।


ਸ਼ਿਵ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਹ ਹੀ ਸੂਬੇ ਵਿੱਚ ਆਪਣਾ ਮੁੱਖ ਮੰਤਰੀ ਬਣਾਏਗੀ ਤੇ ਸਰਕਾਰ ਲਈ ਜ਼ਰੂਰੀ ਬਹੁਮਤ ਵੀ ਇਕੱਠਾ ਕਰੇਗੀ। ਸ਼ਿਵ ਸੈਨਾ ਦੇ ਇਸ ਬਿਆਨ ਨੇ ਸਿਆਸੀ ਗਲਿਆਰੇ ਵਿਚ ਵੀ ਹਲਚਲ ਪੈਦਾ ਕਰ ਦਿੱਤੀ ਹੈ ਕਿਉਂਕਿ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਬੀਤੀ ਸ਼ਾਮ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ। ਸ਼ਿਵ ਸੈਨਾ ਚਾਹੁੰਦੀ ਹੈ ਕਿ ਬੀਜੇਪੀ ਢਾਈ ਸਾਲਾਂ ਲਈ ਮੁੱਖ ਮੰਤਰੀ ਦਾ ਅਹੁਦਾ ਦੇਵੇ, ਜੋ ਕਿ ਬੀਜੇਪੀ ਨੂੰ ਮਨਜ਼ੂਰ ਨਹੀਂ ਹੈ।