ਨਵੀਂ ਦਿੱਲੀ: ਦਿੱਲੀ ਦੇ ਵਿਵੇਕ ਵਿਹਾਰ ਦਾ ਨਜ਼ਾਰਾ ਵੇਖ ਕੇ ਉਸ ਵਕਤ ਉੱਥੇ ਮੌਜੂਦ ਸਾਰੇ ਹੈਰਾਨ ਰਹਿ ਗਏ ਜਦੋਂ ਰਾਧੇ ਮਾਂ ਨੂੰ ਥਾਣੇ 'ਚ ਵੇਖ ਕੇ ਸਾਰੇ ਪੁਲਿਸ ਮੁਲਾਜ਼ਮ ਹੱਥ ਜੋੜ ਕੇ ਖੜ੍ਹੇ ਹੋ ਗਏ। ਗੱਲ ਇੱਥੇ ਹੀ ਰਹਿ ਜਾਂਦੀ ਤਾਂ ਵੀ ਠੀਕ ਸੀ ਪਰ ਥਾਣਾ ਮੁਖੀ ਨੇ ਰਾਧੇ ਮਾਂ ਨੂੰ ਆਪਣੀ ਕੁਰਸੀ 'ਤੇ ਹੀ ਬਿਠਾ ਦਿੱਤਾ। ਇਸ ਨਾਲ ਪੁਲਿਸ ਵਾਲਿਆਂ 'ਤੇ ਹੀ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।


ਵਿਵੇਕ ਵਿਹਾਰ ਦੇ ਥਾਣਾ ਇੰਚਾਰਜ ਨੇ ਨਾ ਸਿਰਫ ਰਾਧੇ ਦਾ ਸਵਾਗਤ ਕੀਤਾ ਸਗੋਂ ਆਪਣੀ ਕੁਰਸੀ ਹੀ ਦੇ ਦਿੱਤੀ। ਉਹ ਰਾਧੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਰਹੇ। ਦਰਅਸਲ ਸੋਸ਼ਲ ਮੀਡੀਆ 'ਤੇ ਵਿਵੇਕ ਵਿਹਾਰ ਥਾਣੇ ਦੀ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ, ਉਹ ਨਰਾਤਿਆਂ ਦੀ ਹੈ। ਮਹਾਅਸ਼ਟਮੀ ਮੌਕੇ ਰਾਧੇ ਮਾਂ ਵਿਵੇਕ ਵਿਹਾਰ ਥਾਣੇ ਪੁੱਜੀ ਤੇ ਸਾਰੇ ਹੱਥ ਜੋੜ ਕੇ ਖੜ੍ਹੇ ਹੋ ਗਏ। ਸੋਸ਼ਲ ਮੀਡੀਆ 'ਤੇ ਇਹ ਫੋਟੋ ਵਾਇਰਲ ਹੁੰਦੇ ਹੀ ਦਿੱਲੀ ਦੇ ਡੀਸੀਪੀ ਨੇ ਜਾਂਚ ਦੇ ਆਦੇਸ਼ ਦਿੱਤੇ।

ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਸ ਦਿਨ ਥਾਣੇ 'ਚ ਰਾਧੇ ਮਾਂ ਦੇ ਜੈਕਾਰੇ ਵੀ ਲਾਏ ਗਏ। ਜਿੰਨੀ ਦੇਰ ਰਾਧੇ ਥਾਣੇ 'ਚ ਰਹੀ ਓਨੀ ਦੇਰ ਉੱਥੇ ਮੌਜੂਦ ਹਰ ਪੁਲਿਸਵਾਲਾ ਉਨ੍ਹਾਂ ਦੀ ਭਗਤੀ 'ਚ ਡੁੱਬਿਆ ਨਜ਼ਰ ਆਇਆ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਰਾਧੇ ਮਾਂ ਰਾਮਲੀਲਾ ਵੇਖਣ ਆਈ ਸੀ। ਭੀੜ ਜ਼ਿਆਦਾ ਹੋਣ ਕਾਰਨ ਐਸਐਚਓ ਸੰਜਯ ਸ਼ਰਮਾ ਉਨ੍ਹਾਂ ਨੂੰ ਥਾਣੇ ਲੈ ਆਏ। ਉਸ ਤੋਂ ਬਾਅਦ ਜੋ ਹੋਇਆ, ਉਹ ਅੱਜਕੱਲ੍ਹ ਪੂਰੀ ਚਰਚਾ 'ਚ ਹੈ। ਰਾਧੇ ਮਾਂ 'ਤੇ ਯੌਨ ਸੋਸ਼ਣ, ਦਹੇਜ ਲਈ ਤੰਗ ਕਰਨ ਦੇ ਕੇਸ ਦਰਜ ਹਨ।