ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਹਿੰਦੂ ਫਿਰਕੇ ਦੇ ਲੋਕਾਂ ਨੂੰ ਕਿਹਾ ਸੀ ਕਿ ਇਹ ਕਿਰਪਾਨ ਹੈ ਤੇ ਹਰ ਅੰਮ੍ਰਿਤਧਾਰੀ ਸਿੱਖ ਲਈ ਇਸ ਨੂੰ ਪਾਉਣਾ ਜ਼ਰੂਰੀ ਹੈ ਪਰ ਉਨ੍ਹਾਂ ਉਸ ਦੀ ਇੱਕ ਨਹੀਂ ਮੰਨੀ ਤੇ ਉਸ ਨੂੰ ਕਿਰਪਾਨ ਪਾਉਣ ਤੋਂ ਰੋਕਿਆ। ਉਸ ਨੇ ਕਮੀਜ਼ ਦੇ ਥੱਲੇ ਛੋਟੀ ਕਿਰਪਾਨ ਵੀ ਪਾਈ ਹੋਈ ਸੀ। ਇਸ ਲਈ ਉਸ ਨੇ ਉੱਪਰ ਵਾਲਾ ਗਾਤਰਾ ਉਤਾਰ ਦਿੱਤਾ ਤਾਂ ਪਿੰਡ ਵਾਲਿਆਂ ਉਸ ਨੂੰ ਜਾਣ ਦਿੱਤਾ।
ਭੀੜ ਨੇ ਅਵਤਾਰ ਸਿੰਘ ਦੇ ਕੇਸਾਂ ਦੀ ਕੀਤੀ ਬੇਅਦਬੀ
ਇਸ ਤੋਂ ਬਾਅਦ ਜਦੋਂ ਉਹ ਕੁਝ ਹੀ ਕਦਮ ਅੱਗੇ ਵਧਿਆ ਤਾਂ ਭੀੜ ਨੇ ਉਸ ’ਤੇ ਹਮਲਾ ਕਰ ਦਿੱਤਾ। ਇਕੱਲੀ ਕੁੱਟਮਾਰ ਹੀ ਨਹੀਂ, ਲੋਕਾਂ ਨੇ ਉਸ ਦੇ ‘ਕਕਾਰ’ ਵੀ ਉਤਾਰ ਦਿੱਤੇ। ਇਸ ਦੇ ਨਾਲ ਹੀ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ। ਇਸ ਘਟਨਾ ਵਿੱਚ ਉਸ ਦੇ ਪੈਰ ਦੀ ਹੱਡੀ ਟੁੱਟ ਗਈ। ਅਵਤਾਰ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਦੀ ਜਾਣਕਾਰੀ ਪਿੰਡ ਦੀ ਪੰਚਾਇਤ ਨੂੰ ਵੀ ਦਿੱਤੀ। ਇਸ ਸਮੇਂ ਅਵਤਾਰ ਸਿੰਘ ਪਿੰਡ ਦੇ ਹਸਪਤਾਲ ਵਿੱਚ ਦਾਖ਼ਲ ਹੈ।
ਅਵਤਾਰ ਸਿੰਘ ਨੇ ਦੱਸਿਆ ਕਿ ਘਟਨਾ ਪਿੱਛੋਂ ਉਸ ਦੇ ਪਿਤਾ ਕਰਨਾਟਕਾ ਗਏ ਤੇ ਹੁਣ ਹਸਪਤਾਲ ਵਿੱਚ ਉਸ ਦੀ ਦੇਖਭਾਲ ਵੀ ਕਰ ਰਹੇ ਹਨ। ਇਕੱਲਾ ਹੋਣ ਕਰ ਕੇ ਉਸ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਨਹੀਂ ਦਿੱਤੀ ਸੀ। ਪਰ ਹੁਣ ਉਹ ਪੁਲਿਸ ਨੂੰ ਇਸ ਘਟਨਾ ਦੀ ਰਿਪੋਰਟ ਦਰਜ ਕਰਾਉਣਗੇ।