Illegal Immigrants: ਅਮਰੀਕਾ ਤੋਂ ਭਾਰਤ ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਪਰਵਾਸੀਆਂ ਬਾਰੇ ਦਿਲ ਕੰਬਾਊ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਸਭ ਤੋਂ ਅਹਿਮ ਗੱਲ ਹੈ ਕਿ ਅਮਰੀਕਾ ਸਰਕਾਰ ਨੇ ਰੋਜ਼ੀ-ਰੋਟੀ ਦੀ ਭਾਲ ਵਿੱਚ ਗਏ ਇਨ੍ਹਾਂ ਪਰਵਾਸੀਆਂ ਨੂੰ ਬੇਹੱਦ ਜਲੀਲ ਕੀਤਾ ਗਿਆ। ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀ ਨਾਗਰਿਕਾਂ ਨੂੰ ਕੈਦੀਆਂ ਵਾਂਗ ਜਹਾਜ਼ ਵਿੱਚ ਲੱਦਿਆ ਗਿਆ। ਸਾਰੇ ਲੋਕਾਂ ਦੇ ਹੱਥਾਂ ਵਿੱਚ ਹੱਥਕੜੀਆਂ ਸਨ ਤੇ ਉਨ੍ਹਾਂ ਦੇ ਪੈਰ ਬੇੜੀਆਂ ਨਾਲ ਬੰਨ੍ਹੇ ਹੋਏ ਸਨ। ਭਾਰਤੀ ਲੋਕਾਂ ਨਾਲ ਅਜਿਹਾ ਸਲੂਕ ਕੀਤਾ ਗਿਆ ਜਿਵੇਂ ਉਹ ਖ਼ਤਰਨਾਕ ਅਪਰਾਧੀ ਹੋਣ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਦੇ ਇਸ ਰਵੱਈਏ ਬਾਰੇ ਭਾਰਤ ਸਰਕਾਰ ਨੇ ਵੀ ਸਵਾਲ ਨਹੀਂ ਕੀਤਾ।



ਦੱਸ ਦਈਏ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਜਹਾਜ਼ ਸੀ-17 ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ ਗਿਆ। ਜਹਾਜ਼ ਨੂੰ ਠੀਕ ਦੁਪਹਿਰ 2:15 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਏਵੀਏਸ਼ਨ ਕਲੱਬ ਵੱਲ ਉਤਾਰਿਆ ਗਿਆ। ਜਹਾਜ਼ ਵਿੱਚ 104 ਭਾਰਤੀ ਸਵਾਰ ਸਨ। ਉਨ੍ਹਾਂ ਸਾਰਿਆਂ ਨੂੰ ਹੱਥਕੜੀ ਲਾ ਕੇ ਅਮਰੀਕੀ ਫੌਜ ਦੀ ਨਿਗਰਾਨੀ ਹੇਠ ਭੇਜਿਆ ਗਿਆ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸਾਰੇ ਭਾਰਤੀਆਂ ਨੂੰ ਹੱਥਾਂ ਵਿੱਚ ਹੱਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਲਗਾ ਕੇ ਜਹਾਜ਼ ਵਿੱਚ ਲਿਆਂਦਾ ਗਿਆ। ਹਾਲਾਂਕਿ, ਅਮਰੀਕੀ ਸਰਕਾਰ ਦੁਆਰਾ ਅਜਿਹਾ ਕਿਉਂ ਕੀਤਾ ਗਿਆ, ਇਹ ਇੱਕ ਵੱਡਾ ਸਵਾਲ ਹੈ। ਭਾਰਤ ਸਰਕਾਰ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ।



ਸਵਾਲ ਇਹ ਵੀ ਉੱਠ ਰਿਹਾ ਹੈ ਕਿ ਅਮਰੀਕਾ ਨੇ 205 ਗੈਰ-ਕਾਨੂੰਨੀ ਭਾਰਤੀਆਂ ਨੂੰ ਵਾਪਸ ਭੇਜਣ ਦਾ ਦਾਅਵਾ ਕਰਕੇ ਸਿਰਫ 104 ਭਾਰਤੀਆਂ ਨੂੰ ਹੀ ਡਿਪੋਰਟ ਕੀਤਾ ਹੈ। ਵੱਖ-ਵੱਖ ਰਿਪੋਰਟਾਂ ਤੋਂ ਪਤਾ ਲੱਗਾ ਸੀ ਕਿ ਅਮਰੀਕਾ ਨੇ ਕੁੱਲ 205 ਗੈਰ-ਕਾਨੂੰਨੀ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਉਨ੍ਹਾਂ ਸਾਰਿਆਂ ਨੂੰ ਜਹਾਜ਼ ਵਿੱਚ ਲਿਆਂਦਾ ਜਾ ਰਿਹਾ ਹੈ। ਹਾਲਾਂਕਿ, 10 ਵਜੇ ਤੱਕ 186 ਭਾਰਤੀਆਂ ਦੀ ਸੂਚੀ ਸਾਹਮਣੇ ਆਈ, ਜਿਸ ਤੋਂ ਬਾਅਦ ਦਾਅਵਾ ਕੀਤਾ ਗਿਆ ਕਿ 186 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।



ਇਸ ਮਗਰੋਂ ਦੁਪਹਿਰ 2 ਵਜੇ ਅਮਰੀਕੀ ਹਵਾਈ ਸੈਨਾ ਦਾ ਜਹਾਜ਼ ਸੀ-17 ਗਲੋਬਮਾਸਟਰ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਬਾਕੀ ਲੋਕ ਕਿੱਥੇ ਹਨ ਤੇ ਉਨ੍ਹਾਂ ਨੂੰ ਕਦੋਂ ਡਿਪੋਰਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅੰਮ੍ਰਿਤਸਰ ਪਹੁੰਚੇ 104 ਲੋਕਾਂ ਨੂੰ ਹਵਾਈ ਅੱਡੇ 'ਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ।



ਇਸ ਦੇ ਨਾਲ ਹੀ 104 ਭਾਰਤੀਆਂ ਨੂੰ ਲੈ ਕੇ ਜਾਣ ਵਾਲੇ ਅਮਰੀਕੀ ਫੌਜੀ ਜਹਾਜ਼ ਦੇ ਸਮੇਂ ਵਿੱਚ ਵਾਰ-ਵਾਰ ਬਦਲਾਅ ਹੁੰਦੇ ਰਹੇ। ਪਹਿਲਾਂ ਕਿਹਾ ਗਿਆ ਕਿ ਜਹਾਜ਼ ਸਵੇਰੇ 8 ਤੋਂ 9 ਵਜੇ ਦੇ ਵਿਚਕਾਰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗਾ, ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਇਸ ਦਾ ਸਮਾਂ ਦੁਪਹਿਰ 1 ਵਜੇ ਦੱਸਿਆ ਗਿਆ, ਪਰ ਜਹਾਜ਼ ਦੁਪਹਿਰ 2 ਵਜੇ ਹਵਾਈ ਅੱਡੇ 'ਤੇ ਉਤਰਿਆ। ਜਹਾਜ਼ ਦੇ ਨੇੜੇ ਅਮਰੀਕੀ ਫੌਜ ਦੇ ਜਵਾਨ ਤਾਇਨਾਤ ਸਨ। ਅੰਮ੍ਰਿਤਸਰ ਹਵਾਈ ਅੱਡੇ 'ਤੇ ਏਅਰ ਫੋਰਸ ਬੇਸ ਦੇ ਗੇਟ ਤੋਂ 104 ਭਾਰਤੀਆਂ ਨੂੰ ਬਾਹਰ ਕੱਢਿਆ ਗਿਆ।



ਇਹ ਵੀ ਅਹਿਮ ਹੈ ਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਅਮਰੀਕੀ ਫੌਜੀ ਜਹਾਜ਼ ਨੂੰ ਅੰਮ੍ਰਿਤਸਰ ਦੇ ਯਾਤਰੀ ਟਰਮੀਨਲ 'ਤੇ ਉਤਾਰਿਆ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਜਹਾਜ਼ ਯਾਤਰੀ ਟਰਮੀਨਲ ਦੀ ਬਜਾਏ ਹਵਾਈ ਸੈਨਾ ਦੇ ਅੱਡੇ 'ਤੇ ਉਤਰਿਆ। ਇਸ ਦਾ ਮਤਲਬ ਹੈ ਕਿ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਨਾਲ ਆਮ ਨਾਗਰਿਕਾਂ ਵਾਂਗ ਵਿਵਹਾਰ ਨਹੀਂ ਕੀਤਾ ਗਿਆ। ਇਸ ਦੌਰਾਨ ਉੱਥੇ ਸਖ਼ਤ ਸੁਰੱਖਿਆ ਪ੍ਰਬੰਧ ਸਨ। ਉੱਥੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਸੀ। ਮੀਡੀਆ ਨੂੰ ਵੀ ਅੱਧਾ ਕਿਲੋਮੀਟਰ ਦੂਰ ਰੋਕ ਦਿੱਤਾ ਗਿਆ। ਹਾਲਾਂਕਿ, ਇਸ ਦਾ ਪ੍ਰਭਾਵ ਯਾਤਰੀ ਟਰਮੀਨਲ 'ਤੇ ਨਹੀਂ ਦੇਖਿਆ ਗਿਆ। ਇੱਥੇ ਸਾਰਾ ਕੰਮ ਰੁਟੀਨ ਅਨੁਸਾਰ ਹੋਇਆ। ਹਵਾਈ ਅੱਡੇ 'ਤੇ ਹਵਾਈ ਸੈਨਾ ਦੇ ਪ੍ਰਵੇਸ਼ ਦੁਆਰ 'ਤੇ ਪੁਲਿਸ ਤਾਇਨਾਤ ਸੀ।