ਚੰਡੀਗੜ੍ਹ: ਕਾਂਗਰਸ ਦੀ ਸੀਨੀਅਰ ਕਾਂਗਰਸੀ ਨੇਤਾ ਸੋਨੀਆ ਗਾਂਧੀ ਨੇ ਸ਼ਿਮਲਾ ਵਿੱਚ ਅਚਾਨਕ ਬਿਮਾਰ ਹੋਣ 'ਤੇ ਉੱਥੋਂ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਵਿੱਚ ਇਲਾਜ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਉਹ ਆਪਣੀ ਪੁੱਤਰੀ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਦਿੱਲੀ ਜਾਣ ਲਈ ਚੰਡੀਗੜ੍ਹ ਪਰਤ ਆਏ।


ਸੋਨੀਆ ਗਾਂਧੀ ਆਪਣੀ ਧੀ ਨਾਲ ਸ਼ਿਮਲਾ ਦੇ ਚਾਰਬਰਾ ਵਿੱਚ ਬੀਤੇ ਕੱਲ੍ਹ ਪਹੁੰਚੇ ਸਨ, ਜਿੱਥੇ ਉਨ੍ਹਾਂ ਦੀ ਸਿਹਤ ਵਿਗੜ ਗਈ। ਡਾਕਟਰਾਂ ਨੇ ਉਨ੍ਹਾਂ ਨੂੰ ਸ਼ਿਮਲਾ ਦੇ ਮੈਡੀਕਲ ਕਾਲਜ ਇਲਾਜ ਦੀ ਸਲਾਹ ਦਿੱਤੀ ਪਰ ਉਨ੍ਹਾਂ ਮਨ੍ਹਾ ਕਰ ਦਿੱਤਾ। ਉਨ੍ਹਾਂ ਨੂੰ ਵਾਪਸ ਦਿੱਲੀ ਲਿਜਾਣ ਲਈ ਐਂਬੂਲੈਂਸ ਦੀ ਪੇਸ਼ਕਸ਼ ਵੀ ਕੀਤੀ ਗਈ ਪਰ ਉਨ੍ਹਾਂ ਆਪਣੀ ਨਿਜੀ ਕਾਰ ਵਿੱਚ ਹੀ ਚੰਡੀਗੜ੍ਹ ਤਕ ਦਾ ਸਫ਼ਰ ਕੀਤਾ।

ਇਸ ਦੌਰਾਨ ਆਈ.ਜੀ.ਐਮ.ਸੀ. ਦੇ ਮੈਡੀਕਲ ਸੁਪਰੀਡੈਂਟ ਡਾ. ਰਮੇਸ਼ ਚੰਦਰ ਸ਼ਿਮਲਾ ਤੋਂ ਚੰਡੀਗੜ੍ਹ ਤਕ ਉਨ੍ਹਾਂ ਦੇ ਨਾਲ ਮੌਜੂਦ ਰਹੇ। ਉਹ ਚੰਡੀਗੜ੍ਹ ਵੱਡੇ ਤੜਕੇ ਤਕਰੀਬਨ ਪੌਣੇ ਤਿੰਨ ਵਜੇ ਚੰਡੀਗੜ੍ਹ ਪਹੁੰਚੇ ਤੇ ਇੱਕ ਪ੍ਰਾਈਵੇਟ ਹੋਟਲ ਵਿੱਚ ਠਹਿਰੇ। ਸੋਨੀਆ ਗਾਂਧੀ ਸ਼ੁੱਕਰਵਾਰ ਸਵੇਰੇ 8:35 ਵਜੇ ਦਿੱਲੀ ਲਈ ਵੱਖਰੇ ਜਹਾਜ਼ ਵਿੱਚ ਰਵਾਨਾ ਹੋ ਗਏ।

ਉਨ੍ਹਾਂ ਦੇ ਚੰਡੀਗੜ੍ਹ ਰੁਕੇ ਹੋਣ ਦੌਰਾਨ ਪੀ.ਜੀ.ਆਈ. ਚੰਡੀਗੜ੍ਹ ਨੂੰ ਹੰਗਾਮੀ ਹਾਲਤ ਹੋਣ 'ਤੇ ਤੁਰੰਤ ਹਰਕਤ ਵਿੱਚ ਆਉਣ ਲਈ ਕਿਹਾ ਗਿਆ ਸੀ। ਹਾਲਾਂਕਿ ਤਕਰੀਬਨ ਛੇ ਘੰਟਿਆਂ ਲਈ ਚੰਡੀਗੜ੍ਹ ਠਹਿਰਾਅ ਦੌਰਾਨ ਕਿਸੇ ਕਿਸਮ ਦੀ ਮੈਡੀਕਲ ਐਮਰਜੈਂਸੀ ਦੀ ਲੋੜ ਨਹੀਂ ਪਈ।

ਸੋਨੀਆ ਗਾਂਧੀ ਆਪਣੀ ਪਿਛਲੀ ਸ਼ਿਮਲਾ ਫੇਰੀ ਦੌਰਾਨ ਵੀ ਬਿਮਾਰ ਹੋ ਗਏ ਸਨ ਤੇ ਉਨ੍ਹਾਂ ਨੂੰ ਵਿਸ਼ੇਸ਼ ਉਡਾਣ ਰਾਹੀਂ ਲਿਜਾਇਆ ਗਿਆ ਸੀ। ਉਹ ਚਾਰਬਰਾ ਅਕਸਰ ਆਉਂਦੇ ਹਨ, ਜਿੱਥੇ ਉਨ੍ਹਾਂ ਦੀ ਧੀ ਪ੍ਰਿਅੰਕਾ 2007 ਤੋਂ ਆਪਣਾ ਘਰ ਬਣਾ ਰਹੀ ਹੈ।