ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਅੱਜ ਆਪਣਾ ਚੌਥਾ ਸਾਲ (2018-19) ਦਾ ਬਜਟ ਪੇਸ਼ ਕੀਤਾ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਪੇਸ਼ 53,000 ਕਰੋੜ ਦੇਬਜਟ ਦਾ 26 ਫੀਸਦੀ ਹਿੱਸਾ ਸਿੱਖਿਆ ਉੱਪਰ ਖਰਚ ਹੋਏਗਾ।
ਸਰਕਾਰ ਨੇ ਆਪਣੇ ਬਜਟ ਵਿੱਚ ਵਾਤਾਵਰਨ ਤੇ ਸਿੱਖਿਆ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਹੈ। ਇਸ ਲਈ ਇਸ ਨੂੰ ਗਰੀਨ ਬਜਟ ਕਿਹਾ ਗਿਆ ਹੈ। ਦਿੱਲੀ ਦੇ ਸਕੂਲਾਂ ਵਿੱਚ ਇੱਕ ਲੱਖ 20 ਹਜ਼ਾਰ ਸੀਸੀਟੀਵੀ ਕੈਮਰੇ ਲਾਉਣ ਦੀ ਯੋਜਨਾ ਹੈ।
ਪਿਛਲੇ ਸਾਲਾਂ ਦੇ ਮੁਕਾਬਲੇ ਦਿੱਲੀ ਦਾ ਬਜਟ ਡੇਢ ਗੁਣਾ ਵਧਿਆ ਹੈ। 2014-15 ਵਿੱਚ ਇਹ ਬਜਟ 30940 ਰੁਪਏ ਦਾ ਸੀ ਜੋ ਹੁਣ ਵਧ ਕੇ 53 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। ਕੇਜਰੀਵਾਲ ਸਰਕਾਰ 53 ਹਜ਼ਾਰ ਕਰੋੜ ਰੁਪਏ ਦਾ ਬਜਟ ਵਿੱਚ 42 ਹਜ਼ਾਰ ਕਰੋੜ ਰੁਪਏ ਦਾ ਹਿੱਸਾ ਮਾਲੀਆ ਤੋਂ ਹਾਸਲ ਕਰੇਗੀ।
ਸਿਸੋਦੀਆ ਨੇ ਦੱਸਿਆ ਕਿ ਸਿਹਤ ਲਈ 6 ਹਜ਼ਾਰ 729 ਕਰੋੜ ਰੁਪਏ ਰੱਖੇ ਗਏ ਹਨ। ਮੁਹੱਲਾ ਕਲੀਨਿਕ ਲਈ 403 ਕਰੋੜ ਰੁਪਏ ਹਨ। ਮੁਹੱਲਾ ਵੈਨ ਕਲੀਨਿਕ ਵੀ ਬਣਾਏ ਜਾਣਗੇ, ਜਿਸ ਲਈ 16 ਕਰੋੜ ਰੁਪਏ ਰੱਖੇ ਹਨ। ਸਿਹਤ ਬੀਮਾ ਲਈ 100 ਕਰੋੜ ਰੁਪਏ ਹੋਣਗੇ ਤੇ ਦਿੱਲੀ ਵਿੱਚ ਵਾਈਫਾਈ ਲਈ 100 ਕਰੋੜ ਰੁਪਏ ਰੱਖੇ ਹਨ।