ਨਵੀਂ ਦਿੱਲੀ: ਸਪਾਈਸਜੈੱਟ (SpiceJet) ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੇ ਚੱਲਦਿਆਂ ਕਾਰੋਬਾਰ ਪ੍ਰਭਾਵਿਤ ਹੋਣ ਨਾਲ ਅਪ੍ਰੈਲ ’ਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀ 50 ਫ਼ੀਸਦੀ ਤੱਕ ਤਨਖ਼ਾਹ ਰੋਕੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਾਇਲਟ ਤੇ ਕੈਬਿਨ ਕ੍ਰਿਊ ਸਮੇਤ ਕਰਮਚਾਰੀਆਂ ਦੀ ਅਪ੍ਰੈਲ ਦੀ ਤਨਖ਼ਾਹ 10 ਤੋਂ 50 ਫ਼ੀਸਦੀ ਤੱਕ ਰੋਕੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਡਰਾਈਵਰਾਂ ਜਿਹੇ ਜੂਨੀਅਰ ਕਰਮਚਾਰੀਆਂ ਨੂੰ ਅਪ੍ਰੈਲ ਮਹੀਨੇ ਪੂਰੀ ਤਨਖ਼ਾਹ ਦਿੱਤੀ ਗਈ ਹੈ।


ਏਅਰਲਾਈਨ ਨੇ ਆਪਣੇ ਇੱਕ ਬਿਆਨ ’ਚ ਕਿਹਾ ਕਿ ਉਸ ਦੇ ਪ੍ਰੈਜ਼ੀਡੈਂਟ ਤੇ ਮੈਨੇਜਿੰਗ ਡਾਇਰੈਕਟਰ (CMD) ਅਜੇ ਸਿੰਘ ਅਪ੍ਰੈਲ ’ਚ ਕੋਈ ਤਨਖ਼ਾਹ ਨਹੀਂ ਲੈਣਗੇ। ਕੋਵਿਡ-19 ਲਾਗ ਦੀ ਦੂਜੀ ਲਹਿਰ ਤੋਂ ਏਅਰਲਾਈਨਜ਼ ਵੀ ਪ੍ਰਭਾਵਿਤ ਹੋਈਆਂ ਹਨ ਕਿਉਂਕਿ ਹਵਾਈ ਯਾਤਰੀਆਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ ਕਿਸੇ ਵੀ ਕਰਮਚਾਰੀ ਦੀ ਤਨਖ਼ਾਹ ਵਿੱਚ ਕੋਈ ਕਟੌਤੀ ਨਹੀਂ ਹੋਵੇਗੀ।


ਏਅਰਲਾਈ ਕੰਪਨੀ ਇਹ ਯਕੀਨੀ ਬਣਾ ਰਹੀ ਹੈ ਕਿ ਘੱਟ ਤਨਖ਼ਾਹ ਵਾਲੇ ਕਰਮਚਾਰੀਆਂ ਨੂੰ ਤਨਖ਼ਾਹ ਟਾਲੇ ਜਾਣ ਨਾਲ ਕੋਈ ਪ੍ਰੇਸ਼ਾਨੀ ਨਾ ਹੋਵੇ ਤੇ ਉਨ੍ਹਾਂ ਨੂੰ ਪੂਰੀ ਤਨਖ਼ਾਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਐਮਡੀ ਨੇ ਆਪਣੀ ਪੂਰੀ ਤਨਖ਼ਾਹ ਛੱਡਣ ਦਾ ਫ਼ੈਸਲਾ ਕੀਤਾ ਹੈ। ਇਹ ਕੇਵਲ ਇੱਕ ਅਸਥਾਈ ਉਪਾਅ ਹੈ ਤੇ ਕੰਪਨੀ ਵੱਲੋਂ ਰੋਕੀ ਗਈ ਤਨਖ਼ਾਹ ਦਾ ਭੁਗਤਾਨ, ਹਾਲਾਤ ਪੂਰੀ ਤਰ੍ਹਾਂ ਆਮ ਹੋਣ ਤੋਂ ਬਾਅਦ ਕੀਤਾ ਜਾਵੇਗਾ।


ਝਾਰਖੰਡ ’ਚ ਸਿਹਤ ਮੁਲਾਜ਼ਮਾਂ ਨੂੰ ਸਰਕਾਰ ਦੇਵੇਗੀ ਪ੍ਰੋਤਸਾਹਨ ਰਾਸ਼ੀ


ਝਾਰਖੰਡ ਸਰਕਾਰ ਨੇ ਕੋਵਿਡ ਕਾਲ ’ਚ ਅਹਿਮ ਯੋਗਦਾਨ ਨੂੰ ਵੇਖਦਿਆਂ ਆਪਣੇ ਨਿਯਮਤ ਤੇ ਕੌਂਟ੍ਰੈਕਟ ਰਾਹੀਂ ਕੰਮ ਕਰਦੇ ਸਾਰੇ ਸਿਹਤ ਮੁਲਾਜ਼ਮਾਂ ਨੂੰ ਅਪ੍ਰੈਲ 2020 ਦੀ ਮੂਲ ਤਨਖ਼ਾਹ/ਮਿਹਨਤਾਨੇ ਦੇ ਬਰਾਬਰ ਰਾਸ਼ੀ ਪ੍ਰੋਤਸਾਹਨ ਰਾਸ਼ੀ (ਇੰਸੈਂਟਿਵ) ਵਜੋਂ ਦੇਣ ਦਾ ਫ਼ੈਸਲਾ ਕੀਤਾ ਹੈ। ਝਾਰਖੰਡ ਸਰਕਾਰ ਵੱਲੋਂ ਸਨਿੱਚਰਵਾਰ ਸ਼ਾਮੀਂ ਜਾਰੀ ਨੋਟੀਫ਼ਿਕੇਸ਼ਨ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ।


ਮੁੱਖ ਮੰਤਰੀ ਹੇਮੰਤ ਸੋਰੇਨ ਨੇ ਰਾਜ ਦੇ ਸਾਰੇ ਸਿਹਤ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਮੂਲ ਤਨਖ਼ਾਹ ਦੇ ਬਰਾਬਰ ਰਾਸ਼ੀ ਪ੍ਰੋਤਸਾਹਨ ਰਾਸ਼ੀ ਵਜੋਂ ਦਿੱਤੇ ਜਾਣ ਦੇ ਫ਼ੈਸਲੇ ਨੂੰ ਆਪਣੀ ਮਨਜ਼ੂਰੀ ਦਿੱਤੀ ਹੈ। ਰਾਜ ਸਰਕਾਰ ਦੇ ਇਸ ਉੱਤੇ 103 ਕਰੋੜ ਰੁਪਏ ਖ਼ਰਚ ਹੋਣਗੇ।