ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਦਰਜ ਮਾਮਲੇ ਸਬੰਧੀ ਸੁਣਵਾਈ ਕੀਤੀ ਗਈ। ਇਸ ਦੌਰਾਨ ਚੀਫ਼ ਜਸਟਿਸ ਰੰਜਨ ਗੋਗੋਈ ਨੇ ਰਾਹੁਲ ਨੂੰ ਪੁੱਛਿਆ ਕਿ ਚੌਕੀਦਾਰ ਕੌਣ ਹੈ? ਇਸ ਕੇਸ ਵਿੱਚ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਰਸਮੀ ਨੋਟਿਸ ਵੀ ਭੇਜਿਆ ਹੈ। ਅਦਾਲਤ ਨੇ ਕਿਹਾ ਹੈ ਕਿ 30 ਅਪਰੈਲ ਯਾਨੀ ਮੰਗਲਵਾਰ ਨੂੰ ਰਾਫ਼ਾਲ ਪੁਨਰਵਿਚਾਰ ਇਸ ਮਾਮਲੇ ਦੀ ਵੀ ਸੁਣਵਾਈ ਕੀਤੀ ਜਾਏਗੀ। ਹਾਲਾਂਕਿ ਵਿਰੋਧੀ ਪੱਖ ਦੇ ਵਕੀਲ ਨੇ ਇਸ 'ਤੇ ਇਤਰਾਜ਼ ਜਤਾਇਆ ਹੈ।


ਦੱਸ ਦੇਈਏ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਪਹਿਲਾਂ ਬਗੈਰ ਨੋਟਿਸ ਭੇਜੇ ਸਿਰਫ ਸਫ਼ਾਈ ਮੰਗੀ ਸੀ। ਅੱਜ ਸੁਣਵਾਈ ਦੌਰਾਨ ਪਟੀਸ਼ਨਕਰਤਾ ਮੀਨਾਕਸ਼ੀ ਲੇਖੀ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਇਨ੍ਹਾਂ (ਰਾਹੁਲ) ਨੂੰ ਪੁੱਛੋ? ਇਹ ਦੇਸ਼ ਭਰ ਵਿੱਚ ਪੀਐਮ ਮੋਦੀ ਨੂੰ ਗਾਲ਼੍ਹਾਂ ਕੱਢਦੇ ਫਿਰ ਰਹੇ ਹਨ।

ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਰਾਹੁਲ ਨੇ ਝੂਠ ਫੈਲਾਉਣ ਲਈ ਸੁਪਰੀਮ ਕੋਰਟ ਦਾ ਇਸਤੇਮਾਲ ਕੀਤਾ ਹੈ। ਰਾਹੁਲ ਨੇ ਗਲਤੀ ਤਾਂ ਮੰਨੀ ਹੈ, ਪਰ ਸੁਪਰੀਮ ਕੋਰਟ ਕੋਲੋਂ ਢੰਗ ਨਾਲ ਮੁਆਫ਼ੀ ਨਹੀਂ ਮੰਗੀ। ਉੱਧਰ ਰਾਹੁਲ ਗਾਂਧੀ ਦੇ ਵਕੀਲ ਅਭਿਸ਼ੇਕ ਮਨੂ ਸਿੰਧਵੀ ਨੇ ਕਿਹਾ ਕਿ ਉਨ੍ਹਾਂ ਨੂੰ ਰਸਮੀ ਨੋਟਿਸ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਇਸ ਗੱਲ 'ਤੇ ਚੀਫ਼ ਜੱਜ ਨੇ ਰਾਹੁਲ ਨੂੰ ਰਸਮੀ ਨੋਟਿਸ ਭੇਜ ਦਿੱਤਾ ਹੈ।

ਪੂਰਾ ਮਾਮਲਾ

ਦਰਅਸਲ ਰਾਫਾਲ ਸੌਦੇ ਦੇ ਮਾਮਲੇ ਸਬੰਧੀ ਸੁਪਰੀਮ ਕੋਰਟ ਦੇ ਇੱਕ ਹੁਕਮ 'ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚੋਰ ਕਿਹਾ ਹੈ। ਉਨ੍ਹਾਂ ਅਮੇਠੀ ਤੋਂ ਆਪਣੀ ਨਾਮਜ਼ਦਗੀ ਭਰਨ ਦੌਰਾਨ ਮੀਡੀਆ ਨੂੰ ਇਹ ਬਿਆਨ ਦਿੱਤਾ ਸੀ। ਉਸੇ ਦਿਨ ਸੁਪਰੀਮ ਕੋਰਟ ਨੇ ਰਾਫ਼ਾਲ ਡੀਲ ਸਬੰਧੀ ਫੈਸਲਾ ਸੁਣਾਇਆ ਸੀ।