ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉੱਜੈਨ ਦੇ ਮਹਾਕਾਲ ਜਯੋਤਿਰਲਿੰਗ ਨੂੰ ਨੁਕਸਾਨ ਤੋਂ ਬਚਾਉਣ ਲਈ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਸੁਝਾਏ 'ਤੇ ਮੁਹਰ ਲਾਉਂਦੇ ਹੋਏ ਹੁਕਮ ਦਿੱਤਾ ਹੈ ਕਿ ਸ਼ਿਵਲਿੰਗ 'ਤੇ ਆਰ.ਓ. ਦਾ ਹੀ ਪਾਣੀ ਚੜ੍ਹਾਇਆ ਜਾਵੇ। ਇਸ ਦੇ ਨਾਲ ਹੀ ਅਦਾਲਤ ਨੇ ਪ੍ਰਤੀ ਸ਼ਰਧਾਲੂ ਦੁੱਧ ਤੇ ਪੂਜਾ ਦਾ ਹੋਰ ਸਾਮਾਨ ਦੀ ਮਿਕਦਾਰ ਤੈਅ ਕਰਨ ਦਾ ਫੈਸਲਾ ਸੁਣਾਇਆ ਹੈ।

 

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖਦੇ ਹੋਏ ਸਾਫ ਕੀਤਾ ਸੀ ਕਿ ਪੂਜਾ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ, ਇਹ ਤੈਅ ਕਰਨਾ ਕੋਰਟ ਦਾ ਕੰਮ ਨਹੀਂ। ਅਦਾਲਤ ਵਿੱਚ ਸੁਣਵਾਈ ਸਿਰਫ ਸ਼ਿਵਲਿੰਗ ਨੂੰ ਨੁਕਸਾਨ ਤੋਂ ਬਚਾਉਣ ਦੀ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਕੋਰਟ ਨੇ ਮੰਦਰ ਪ੍ਰਬੰਧਕਾਂ ਵੱਲੋਂ ਦਿੱਤੇ ਸੁਝਾਅ 'ਤੇ ਸਹਿਮਤੀ ਪ੍ਰਗਟਾਈ ਸੀ। ਇਸ ਤੋਂ ਬਾਅਦ ਸ਼ਿਵਲਿੰਗ 'ਤੇ ਆਰ.ਓ. ਦਾ ਪਾਣੀ ਹੀ ਚੜ੍ਹਾਇਆ ਜਾ ਰਿਹਾ ਹੈ। ਪ੍ਰਤੀ ਸ਼ਰਧਾਲੂ ਦੁੱਧ ਤੇ ਪੂਜਾ ਦੇ ਹੋਰ ਸਾਮਾਨ ਦੀ ਮਿਕਦਾਰ ਵੀ ਤੈਅ ਕੀਤੀ ਗਈ ਹੈ। ਕੋਰਟ ਨੇ ਪਿਛਲੀ ਸੁਣਵਾਈ ਵਿੱਚ ਸਾਫ ਕੀਤਾ ਸੀ ਕਿ ਸਾਰੇ ਪੱਖਾਂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹੀ ਫੈਸਲਾ ਸੁਣਾਇਆ ਜਾਵੇਗਾ।