ਚੰਡੀਗੜ੍ਹ: ਵਿਦੇਸ਼ੀ ਧਰਤੀ ਤੋਂ ਕਾਲੇ ਧਨ ਦੀ ਜਾਣਕਾਰੀ ਮਿਲਣ ਦੇ ਮਾਮਲੇ ਵਿੱਚ ਮੋਦੀ ਸਰਕਾਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਵਿਟਜ਼ਰਲੈਂਡ ਦੀ ਸਰਕਾਰ ਨੇ ਭਾਰਤ ਸਰਕਾਰ ਨੂੰ ਬੈਂਕਾਂ ਵਿੱਚ ਪੈਸਾ ਰੱਖਣ ਵਾਲੇ ਭਾਰਤੀਆਂ ਦੀ ਪਹਿਲੀ ਸੂਚੀ ਸੌਂਪ ਦਿੱਤੀ ਹੈ। ਭਾਰਤ ਕੁਝ ਹੀ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਵਿਟਜ਼ਰਲੈਂਡ ਦੇ ਟੈਕਸ ਵਿਭਾਗ ਮੁਤਾਬਕ ਭਾਰਤ ਸਰਕਾਰ ਨੂੰ 2020 ਵਿੱਚ ਅਗਲੀ ਜਾਣਕਾਰੀ ਸੌਂਪੀ ਜਾਏਗੀ। ਜਾਣਕਾਰੀ ਮੁਤਾਬਕ ਸਵਿਟਜ਼ਰਲੈਂਡ ਵਿੱਚ ਦੁਨੀਆ ਭਰ ਦੇ 75 ਦੇਸ਼ਾਂ ਦੇ ਕਰੀਬ 31 ਲੱਖ ਖ਼ਾਤੇ ਹਨ, ਜਿਨ੍ਹਾਂ ਵਿੱਚ ਭਾਰਤ ਦੇ ਵੀ ਕਈ ਖਾਤੇ ਸ਼ਾਮਲ ਹਨ।


ਵਿਕਾਸਸ਼ੀਲ ਦੇਸ਼ਾਂ ਵੱਲੋਂ ਟੈਕਸ ਤੋਂ ਬਚਣ ਲਈ ਤੇ ਗੈਰਕਾਨੂੰਨੀ ਵਸੀਲਿਆਂ ਨਾਲ ਬਣਾਈ ਰਾਸ਼ੀ ਨੂੰ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਰੱਖਣ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਤੇ ਇਨ੍ਹਾਂ ਖਾਤਾਧਾਰਕਾਂ ਦੀ ਜਾਣਕਾਰੀ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦਬਾਅ ਦੇ ਚਲਦਿਆਂ ਆਟੋਮੈਟਿਕ ਐਕਸਚੈਂਜ ਆਫ ਇਨਫੋਰਮੇਸ਼ਨ ਨੀਤੀ ਤਹਿਤ ਸਵਿਟਜ਼ਰਲੈਂਡ ਦੇ ਫੈਡਰਲ ਟੈਕਸ ਐਡਮਿਨਿਸਟਰੇਸ਼ਨ (ਐਫਟੀਏ) ਵੱਲੋਂ 75 ਦੇਸ਼ਾਂ ਨਾਲ ਖਾਤਾਧਾਰਕਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਨ੍ਹਾਂ 75 ਦੇਸ਼ਾਂ ਵਿੱਚ ਭਾਰਤ ਦਾ ਨਾਂ ਵੀ ਸ਼ਾਮਲ ਹੈ।


ਇਹ ਸਾਰੀ ਜਾਣਕਾਰੀ ਐਫਟੀਏ ਦੇ ਬੁਲਾਰੇ ਵੱਲੋਂ ਦਿੱਤੀ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਇਸ ਨਵੀਂ ਨੀਤੀ ਅਧੀਨ ਭਾਰਤ ਨੂੰ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਖਾਤਾਧਾਰਕ ਭਾਰਤੀ ਨਾਗਰਿਕਾਂ ਦੀ ਜਾਣਕਾਰੀ ਮਿਲੀ ਹੈ। ਇਸ ਨੀਤੀ ਅਧੀਨ ਹੁਣ ਮੌਜੂਦਾ ਸਮੇਂ ਚੱਲ ਰਹੇ ਖਾਤਿਆਂ ਤੇ 2018 ਵਿੱਚ ਬੰਦ ਹੋਏ ਖਾਤਿਆਂ ਦੀ ਜਾਣਕਾਰੀ ਸਾਂਝੀ ਕਰਨ ਦੀ ਮਦ ਹੈ। ਐਫਟੀਏ ਦੇ ਬੁਲਾਰੇ ਨੇ ਦੱਸਿਆ ਕਿ ਅਜਿਹੀ ਅਗਲੀ ਸੂਚੀ ਸਤੰਬਰ 2020 ਵਿੱਚ ਸਾਂਝੀ ਕੀਤੀ ਜਾਵੇਗੀ।