ਦਿੱਲੀ: ਜੰਮੂ-ਕਸ਼ਮੀਰ 'ਚ ਸਥਾਈ ਸ਼ਾਂਤੀ ਦੀ ਭਾਲ 'ਚ ਗੱਲਬਾਤ ਦਾ ਸਿਲਸਿਲਾ ਇਕ ਵਾਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ। ਮੋਦੀ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਧਿਰਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਖ਼ੁਫ਼ੀਆ ਬਿਊਰੋ ਦੇ ਸਾਬਕਾ ਮੁਖੀ ਦਿਨੇਸ਼ਵਰ ਸ਼ਰਮਾ ਨੂੰ ਆਪਣਾ ਨੁਮਾਇੰਦਾ ਬਣਾਇਆ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਗੱਲ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹੁਰੀਅਤ ਆਗੂਆਂ ਨਾਲ ਗੱਲਬਾਤ ਦਾ ਫ਼ੈਸਲਾ ਖ਼ੁਦ ਦਿਨੇਸ਼ਵਰ ਸ਼ਰਮਾ ਕਰਨਗੇ। ਕਿਹੜੇ-ਕਿਹੜੇ ਲੋਕਾਂ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ, ਇਸ ਦਾ ਫ਼ੈਸਲਾ ਵੀ ਸ਼ਰਮਾ ਹੀ ਕਰਨਗੇ।
ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਕਸ਼ਮੀਰ ਸਮੱਸਿਆ ਦਾ ਹੱਲ 'ਨਾ ਤਾਂ ਗੋਲੀ ਨਾਲ ਤੇ ਨਾ ਹੀ ਗਾਲ੍ਹੀ' ਨਾਲ ਨਿਕਲੇਗਾ। ਦੱਸਣਾ ਬਣਦਾ ਹੈ ਕਿ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਲੱਭਣ ਦੀ ਪਹਿਲੀ ਕੋਸ਼ਿਸ਼ ਡਾ. ਮਨਮੋਹਨ ਸਿੰਘ ਸਰਕਾਰ ਵੇਲੇ ਹੋਈ ਸੀ।
ਕਸ਼ਮੀਰ ਨੂੰ ਲੈ ਕੇ ਸਰਕਾਰ ਦਾ ਨਵਾਂ ਫ਼ੈਸਲਾ ਕਾਫ਼ੀ ਅਹਿਮ ਹੈ। ਪੱਕੇ ਹੱਲ ਦੀ ਤਲਾਸ਼ 'ਚ ਪਹਿਲੇ ਪੜਾਅ 'ਚ ਉਨ੍ਹਾਂ ਤਾਕਤਾਂ ਨੂੰ ਬਹੁਤ ਹੱਦ ਤਕ ਕੁਚਲਿਆ ਜਾ ਚੁੱਕਾ ਹੈ, ਜੋ ਅੱਤਵਾਦ 'ਚ ਵਿਸ਼ਵਾਸ ਰੱਖਦੀਆਂ ਸਨ। ਹੁਣ ਗੱਲਬਾਤ ਜ਼ਰੀਏ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋਵੇਗੀ ਜਿਸ ਵਿਚ ਵਿਕਾਸ ਦੀ ਧਾਰਾ ਤੇਜ਼ ਹੋ ਸਕੇ।
ਗ੍ਰਹਿ ਮੰਤਰੀ ਨੇ ਕਿਹਾ ਕਿ ਦਿਨੇਸ਼ਵਰ ਸ਼ਰਮਾ ਜੰਮੂ, ਕਸ਼ਮੀਰ ਤੇ ਲੱਦਾਖ ਤਿੰਨਾਂ ਇਲਾਕਿਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ। ਸੂਬੇ ਦੇ ਨੌਜਵਾਨਾਂ ਨੂੰ ਗੱਲਬਾਤ 'ਚ ਜ਼ਿਆਦਾ ਤਰਜੀਹ ਦਿੱਤੀ ਜਾਵੇਗੀ।