Tajinder Bagga Father Attacked on Arvind Kejriwal: ਭਾਜਪਾ ਆਗੂ ਤੇਜਿੰਦਰ ਬੱਗਾ ਮਾਮਲੇ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸ ਦੌਰਾਨ ਤੇਜਿੰਦਰ ਬੱਗਾ ਦੇ ਪਿਤਾ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਤੇਜਿੰਦਰ ਬੱਗਾ ਦੇ ਪਿਤਾ ਪ੍ਰੀਤਪਾਲ ਸਿੰਘ ਬੱਗਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਬੇਟੇ ਤੋਂ ਡਰਦੇ ਹਨ ਕਿਉਂਕਿ ਬੱਗਾ ਕੇਜਰੀਵਾਲ ਤੇ ਉਸ ਦੀ ਪਾਰਟੀ ਦੇ ਲੋਕਾਂ ਦੀਆਂ ਗਲਤ ਹਰਕਤਾਂ ਦਾ ਪਰਦਾਫਾਸ਼ ਕਰ ਰਿਹਾ ਹੈ।



ਪ੍ਰੀਤਪਾਲ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਤੇਜਿੰਦਰ ਬੱਗਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ। ਇਸ ਦੇ ਨਾਲ ਹੀ ਪ੍ਰੀਤਪਾਲ ਸਿੰਘ ਨੇ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ’ਤੇ ਰੋਕ ਉਤੇ ਖੁਸ਼ੀ ਪ੍ਰਗਟਾਈ ਹੈ।

'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ। ਕੇਜਰੀਵਾਲ ਦੇ ਝੂਠ ਦੀ ਹਾਰ ਹੋਈ। ਮੋਹਾਲੀ ਦੀ ਅਦਾਲਤ ਨੇ ਤੇਜਿੰਦਰ ਬੱਗਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਬੱਗਾ ਦੇ ਪਿਤਾ ਪ੍ਰੀਤਪਾਲ ਬੱਗਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤੇਜਿੰਦਰ ਬੱਗਾ ਖਿਲਾਫ ਜ਼ਬਰਦਸਤੀ ਕਾਰਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਤੇਜਿੰਦਰ ਇਸ ਸਮੇਂ ਵਕੀਲਾਂ ਦੇ ਸੰਪਰਕ ਵਿੱਚ ਹੈ। ਮੈਂ ਅਜੇ ਤੱਕ ਉਸ ਨਾਲ ਗੱਲ ਨਹੀਂ ਕੀਤੀ। ਉਨ੍ਹਾਂ ਆਖਰੀ ਵਾਰੀ ਮੈਨੂੰ ਦੱਸਿਆ ਸੀ ਕਿ ਉਹ ਵਕੀਲਾਂ ਦੇ ਸੰਪਰਕ ਵਿੱਚ ਸੀ। ਦੱਸਣਯੋਗ ਹੈ ਕਿ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ’ਤੇ 10 ਮਈ ਤੱਕ ਰੋਕ ਲਾ ਦਿੱਤੀ ਗਈ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਇਹ ਫੈਸਲਾ ਬੱਗਾ ਦੇ ਗ੍ਰਿਫਤਾਰੀ ਵਾਰੰਟ 'ਤੇ ਸੁਣਵਾਈ ਤੋਂ ਬਾਅਦ ਦਿੱਤਾ ਹੈ।





ਬੱਗਾ ਨੂੰ ਲੈ ਕੇ ਸਿਆਸਤ ਜਾਰੀ
ਗ੍ਰਿਫਤਾਰੀ ਬਾਰੇ ਤੇਜਿੰਦਰ ਪਾਲ ਬੱਗਾ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਅੱਤਵਾਦੀਆਂ ਵਾਂਗ ਵਿਵਹਾਰ ਕੀਤਾ। ਉਨ੍ਹਾਂ ਪੁਲਿਸ 'ਤੇ ਪਿਤਾ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਬੱਗਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਭਾਜਪਾ ਦਾ ਹੰਗਾਮਾ ਜਾਰੀ ਹੈ। ਬੱਗਾ ਨੂੰ ਗ੍ਰਿਫਤਾਰ ਕਰਕੇ ਦਿੱਲੀ ਵਾਪਸ ਲਿਆਉਣ ਤੋਂ ਇੱਕ ਦਿਨ ਬਾਅਦ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਤੇ ਭਾਜਪਾ ਸੰਸਦ ਮੈਂਬਰ ਤੇਜਸਵੀ ਸੂਰਿਆ ਸਮੇਤ ਕਈ ਨੇਤਾਵਾਂ ਨੇ ਤੇਜਿੰਦਰ ਬੱਗਾ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਪੁਲਿਸ ਦੀ ਸਖ਼ਤ ਆਲੋਚਨਾ ਕੀਤੀ।