Telangana KCR vs BJP : ਤੇਲੰਗਾਨਾ ਵਿੱਚ ਵਿਧਾਇਕਾਂ ਦੀ ਖਰੀਦ ਫ਼ਰੋਖ਼ਤ ਦਾ ਮਾਮਲਾ ਵੱਧਦਾ ਜਾ ਰਿਹਾ ਹੈ। ਡੀਜੀਪੀ ਤੇਲੰਗਾਨਾ ਨੇ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਸੀ। ਐੱਸਆਈਟੀ ਨੇ ਹੁਣ ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬੀਐੱਲ ਸੰਤੋਸ਼ ਨੂੰ ਤਲਬ ਕੀਤਾ ਹੈ। ਐਸਆਈਟੀ ਨੇ ਬੀਐਲ ਸੰਤੋਸ਼ ਨੂੰ 41 ਸੀਆਰਪੀਸੀ ਦਾ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ ਇਸ ਮਹੀਨੇ ਦੀ 21 ਤਰੀਕ ਨੂੰ ਸਵੇਰੇ 10.30 ਵਜੇ ਹੈਦਰਾਬਾਦ ਸਥਿਤ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।



ਨੋਟਿਸ 'ਚ ਕਿਹਾ ਗਿਆ ਹੈ ਕਿ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਗ੍ਰਿਫਤਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਛਲੇ ਮਹੀਨੇ ਸਾਈਬਰਾਬਾਦ ਪੁਲਿਸ ਨੇ ਤੇਲੰਗਾਨਾ ਵਿਧਾਇਕਾਂ ਦੇ ਕਥਿਤ ਖਰੀਦ ਫ਼ਰੋਖ਼ਤ ਦੇ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਦਿਆਂ ਪੁਲੀਸ ਨੇ ਕਿਹਾ ਕਿ ਮੁਲਜ਼ਮਾਂ ਵੱਲੋਂ ਰਾਜ ਸਰਕਾਰ ਨੂੰ ਅਸਥਿਰ ਕਰਨ ਲਈ ਵਿਧਾਇਕਾਂ ਨੂੰ ਲਾਲਚ ਦਿੱਤਾ ਗਿਆ ਸੀ।


 



ਅਦਾਲਤ ਨੇ ਦਿੱਤਾ ਸੀ ਰਿਹਾਈ ਦਾ ਹੁਕਮ 

ਹਾਲਾਂਕਿ, ਤੇਲੰਗਾਨਾ ਦੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਅਦਾਲਤ ਨੇ ਤਿੰਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੀ ਬੇਨਤੀ ਨੂੰ ਖਾਰਿਜ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਦਿੱਤੇ ਸਨ। ਅਦਾਲਤ ਦੇ ਹੁਕਮਾਂ ਤੋਂ ਬਾਅਦ ਮੁਲਜ਼ਮ ਰਾਮਚੰਦਰ ਭਾਰਤੀ, ਨੰਦ ਕੁਮਾਰ ਅਤੇ ਸਿੰਘਯਾਜੀ ਸਵਾਮੀ ਨੂੰ ਪੁਲੀਸ ਨੇ ਰਿਹਾਅ ਕਰ ਦਿੱਤਾ ਸੀ।

ਬੀਆਰਐਸ ਨੇ ਭਾਜਪਾ 'ਤੇ ਲਗਾਇਆ ਸੀ ਆਰੋਪ 

ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੇ ਵਿਧਾਇਕਾਂ ਵੱਲੋਂ ਉਨ੍ਹਾਂ ਨੂੰ ਖਰੀਦ ਫ਼ਰੋਖ਼ਤ ਕਰਨ ਦੀ ਕੋਸ਼ਿਸ਼ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਬੀਆਰਐਸ ਆਗੂਆਂ ਨੇ ਇਸ ਪਿੱਛੇ ਭਾਜਪਾ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ। ਪੁਲਿਸ ਦੇ ਅਨੁਸਾਰ ਬੀਆਰਐਸ ਵਿਧਾਇਕਾਂ ਪਾਇਲਟ ਰੋਹਿਤ ਰੈਡੀ, ਰੇਗਾ ਕਾਂਥਾ ਰਾਓ, ਗੁਵਵਾਲਾ ਬਲਾਰਾਜੂ ਅਤੇ ਬੀਰਾਮ ਹਰਸ਼ਵਰਧਨ ਨੂੰ ਨਕਦ, ਚੈੱਕ ਅਤੇ ਠੇਕੇ ਦੇਣ ਦੇ ਜ਼ਰੀਏ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ।