Jammu Kashmir Encounter: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਦੇ ਚਸਾਨਾ ਨੇੜੇ ਸੋਮਵਾਰ (4 ਸਤੰਬਰ) ਨੂੰ ਤਲਾਸ਼ੀ ਮੁਹਿੰਮ ਦੌਰਾਨ ਭਾਰਤੀ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਹੁਣ ਤੱਕ ਇੱਕ ਅੱਤਵਾਦੀ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ।
ਇਸ ਮੁਕਾਬਲੇ ਬਾਰੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੋਮਵਾਰ ਨੂੰ ਦੋ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਜਿਸ ਦੇ ਆਧਾਰ 'ਤੇ ਇਹ ਮੁਕਾਬਲਾ ਸ਼ੁਰੂ ਹੋਇਆ। ਚਸਾਨਾ ਦੇ ਤੁਲੀ ਇਲਾਕੇ 'ਚ ਗਲੀ ਸੋਹਾਬ 'ਚ ਐਨਕਾਊਂਟਰ ਚੱਲ ਰਿਹਾ ਹੈ। ਪੁਲਿਸ ਅਤੇ ਫੌਜ ਆਪਰੇਸ਼ਨ ਚਲਾ ਰਹੀ ਹੈ। ਇੱਕ ਅੱਤਵਾਦੀ ਮਾਰਿਆ ਗਿਆ ਹੈ।
ਪੁੰਛ 'ਚ ਚਾਰ ਅੱਤਵਾਦੀ ਮਾਰੇ ਗਏ
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਵੀ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਸੀ ਕਿ ਪੁੰਛ ਦੇ ਸਿੰਧਰਾ ਇਲਾਕੇ 'ਚ ਸੁਰੱਖਿਆ ਬਲਾਂ ਨੇ ਪੁਲਿਸ ਨਾਲ ਸਾਂਝੇ ਆਪਰੇਸ਼ਨ 'ਚ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਸੰਯੁਕਤ ਆਪ੍ਰੇਸ਼ਨ ਸੂਰਨਕੋਟ ਪੱਟੀ ਦੇ ਸਿੰਧਰਾ ਟਾਪ ਇਲਾਕੇ 'ਚ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਗੋਲੀਬਾਰੀ ਹੋਈ।
ਭਾਰਤੀ ਫੌਜ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਫੌਜ ਦੇ ਵਿਸ਼ੇਸ਼ ਬਲ, ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨ ਹੋਰ ਬਲਾਂ ਦੇ ਨਾਲ ਇਸ ਮੁਹਿੰਮ ਦਾ ਹਿੱਸਾ ਸਨ। ਆਪਰੇਸ਼ਨ 'ਚ ਮਾਰੇ ਗਏ ਅੱਤਵਾਦੀ ਸ਼ਾਇਦ ਵਿਦੇਸ਼ੀ ਅੱਤਵਾਦੀ ਹਨ।
ਘੁਸਪੈਠ ਦੀ ਕੋਸ਼ਿਸ਼ ਵੀ ਅਸਫਲ ਰਹੀ
ਇਸ ਤੋਂ ਇਲਾਵਾ ਅਗਸਤ ਮਹੀਨੇ 'ਚ ਵੀ ਫੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜੇ ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਕੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਾਲਾਕੋਟ ਸੈਕਟਰ ਵਿੱਚ ਮੁਕਾਬਲੇ ਵਾਲੀ ਥਾਂ ਤੋਂ ਇੱਕ ਏਕੇ-47 ਰਾਈਫਲ, ਦੋ ਮੈਗਜ਼ੀਨ, 30 ਰਾਉਂਡ, ਦੋ ਹੈਂਡ ਗ੍ਰਨੇਡ ਅਤੇ ਪਾਕਿਸਤਾਨੀ ਮੂਲ ਦੀਆਂ ਕੁਝ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।