ਨਵੀਂ ਦਿੱਲੀ :ਨਵੀਂ ਦਿੱਲੀ: ਭਾਰਤ ਦੀ ਸਰਬ ਉੱਚ ਅਦਾਲਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਜਦੋਂ ਚੀਫ ਜਸਟਿਸ ਤੋਂ ਬਾਅਦ ਚਾਰ ਸਭ ਤੋਂ ਸੀਨੀਅਰ ਜੱਜਾਂ ਨੇ ਪੱਤਰਕਾਰ ਸੰਮੇਲਨ ਕੀਤਾ। ਜੱਜਾਂ ਦੇ ਮੀਡੀਆ ਸਾਹਮਣੇ ਆਉਣ ਮਗਰੋਂ ਵੱਡਾ ਖੁਲਾਸਾ ਹੋਇਆ ਹੈ ਕਿ ਸੁਪਰੀਮ ਕੋਰਟ ਵਿੱਚ ਸਭ ਕੁਝ ਸਹੀ ਨਹੀਂ ਹੈ।ਇਨ੍ਹਾਂ ਜੱਜਾਂ ਨੇ ਦੇਸ਼ ਦੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ‘ਤੇ ਕਈ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਮੁੱਖ ਜੱਜ ਨੂੰ ਪਹਿਲਾਂ ਲਿਖੀ ਚਿੱਠੀ ਨੂੰ ਜਨਤਕ ਕਰਨ ਦੀ ਗੱਲ ਵੀ ਆਖੀ ਹੈ। ਕੀ ਤੁਸੀਂ ਇਨ੍ਹਾਂ ਜਾਣਦੇ ਹੋ ਇੰਨ੍ਹਾਂ ਚਾਰਾਂ ਜੱਜਾਂ ਬਾਰੇ ਅਤੇ ਇਨ੍ਹਾਂ ਵੱਲੋਂ ਲਏ ਮਹੱਤਪੂਰਣ ਫੈਸਲਿਆਂ ਬਾਰੇ। ਆਓ ਜਾਣਦੇ ਹਾਂ....


1. ਜਸਟਿਸ ਚੇਲਮੇਸ਼ਵਰ 64



ਜਸਟਿਸ ਚੇਲਮੇਸ਼ਵਰ ਦਾ ਜਨਮ 23 ਜੂਨ 1953 ਨੂੰ ਆਂਧਰ ਪ੍ਰਦੇਸ਼ ਦੇ ਯਿਸ਼ਨਾ ਜ਼ਿਲ੍ਹੇ 'ਚ ਹੋਇਆ ਸੀ। ਉਨ੍ਹਾਂ ਨੇ 12ਵੀਂ ਤਕ ਦੀ ਸਿੱਖਿਆ ਉੱਥੋਂ ਦੇ ਹਿੰਦੂ ਹਾਈ ਸਕੂਲ ਤੋਂ ਲਈ। ਇਸਦੇ ਬਾਅਦ ਚੇਨਈ ਦੇ ਮਿਆਰੀ ਲੋਯੋਲਾ ਕਾਲਜ ਤੋਂ ਸਾਈਂਸ 'ਤੇ ਗ੍ਰੈਜੁਏਸ਼ਨ ਕੀਤੀ। 1976 'ਚ ਆਂਧਰ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ। ਉਹ 1995 'ਚ ਐਡੀਸ਼ਨਲ ਐਡਵੋਕੇਟ ਜਨਰਲ ਬਣੇ। 1997 'ਚ ਆਂਧਰ ਪ੍ਰਦੇਸ਼ ਹਾਈ ਕੋਰਟ 'ਚ ਐਡੀਸ਼ਨਲ ਜੱਜ ਅਤੇ 2007 'ਚ ਗੁਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਰਹੇ। ਉਹ 2010 'ਚ ਕੇਰਲ ਹਾਈ ਕੋਰਟ ਦੇ ਚੀਫ਼ ਜਸਟਿਸ ਬਣਾਏ ਗਏ। ਫਿ੍ਰ 10 ਅਕਤੂਬਰ 2011 ਨੂੰ ਸੁਪਰੀਮ ਕੋਰਟ 'ਚ ਜੱਜ ਬਣੇ। 64 ਸਾਲਾ ਜਸਟਿਸ ਚੇਲਮੇਸ਼ਵਰ ਸੁਪਰੀਮ ਕੋਰਟ 'ਚ ਚੀਫ਼ ਜਸਟਿਸ ਦੇ ਬਾਅਦ ਦੂਜੇ ਸਭ ਤੋਂ ਸੀਨੀਅਰ ਜੱਜ ਹਨ। ਉਹ ਇਸ ਸਮੇਂ ਚੀਫ਼ ਜਸਟਿਸ ਦੀਪਕ ਮਿਸ਼ਰਾ ਤੋਂ ਪਹਿਲਾਂ ਹੀ ਇਸ ਸਾਲ ਜੂਨ ਵਿਚ ਰਿਟਾਇਰ ਹੋ ਜਾਣਗੇ।

ਮਹੱਤਵਪੂਰਣ ਫੈਸਲੇ: ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਆਧਾਰ ਕਾਰਡ 'ਤੇ ਫੈਸਲੇ ਦਿੱਤੇ। ਉਨ੍ਹਾਂ ਨੇ ਨਿੱਜਤਾ ਨੂੰ ਮੂਲ ਅਧਿਕਾਰ ਮੰਨਿਆ। ਉਹ ਜੱਜਾਂ ਦੀ ਨਿਯੁਕਤੀ ਲਈ ਬਣੇ ਕਾਲੇਜੀਅਮ ਸਿਸਟਮ ਦਾ ਵਿਰੋਧ ਕਰਦੇ ਰਹੇ ਹਨ। ਇਸਦੇ ਲਈ ਉਨ੍ਹਾਂ ਨੇ ਨੈਸ਼ਨਲ ਜੁਡੀਸ਼ੀਅਲ ਐਪਾਇੰਟਮੈਂਟ ਕਮਿਸ਼ਨ ਦੀ ਹਮਾਇਤ ਕੀਤੀ। ਉਹ ਐਨਜੇਏਸੀ ਨੂੰ 2015 'ਚ ਗੈਰਸੰਵਿਧਾਨਕ ਐਲਾਨਣ ਵਾਲੇ ਬੈਂਚ 'ਚ ਸ਼ਾਮਿਲ ਸਨ ਪਰ ਬਹੁਮਤ ਦੇ ਫੈਸਲੇ ਦੇ ਨਾਲ ਨਹੀਂ ਸਨ। ਯਾਨੀ ਉਨ੍ਹਾਂ ਨੇ ਐਨਜੇਈਸੀ ਦੇ ਹੱਕ ਵਿਚ ਆਪਣੀ ਰਾਇ ਰੱਖੀ ਸੀ।

2 .ਜਸਟਿਸ ਰੰਜਨ ਗੋਗੋਈ(63)



ਜਸਟਿਸ ਗੋਗੋਈ ਦਾ ਜਨਮ 18 ਨਵੰਬਰ 1954 ਨੂੰ ਹੋਇਆ ਸੀ। ਉਹ 1978 'ਚ ਬਾਰ ਦੇ ਮੈਂਬਰ ਬਣੇ। ਉਨ੍ਹਾਂ ਨੇ ਗੁਹਾਟੀ 'ਚ ਵਕਾਲਤ ਕੀਤੀ। 2001 'ਚ ਗੁਹਾਟੀ 'ਚ ਵਕਾਲਤ ਕੀਤੀ। 2001 'ਚ ਗੁਹਾਟੀ ਹਾਈ ਕੋਰਟ ਦੇ ਜੱਜ ਬਣੇ। 2010 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਬਣਾਏ ਗਏ। 2011 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਬਣੇ ਅਤੇ ਅਪ੍ਰੈਲ 2012 'ਚ ਸੁਪਰੀਮ ਕੋਰਟ ਦੇ ਜੱਜ ਦੇ ਰੂਪ ਵਿਚ ਨਿਯੁਕਤ ਹੋਏ। ਅਸਾਮ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਕੇ ਸੀ ਗੋਗੋਈ ਦੇ ਪੁੱਤਰ 63 ਸਾਲਾ ਜਸਟਿਸ ਰੰਜਨ ਗੋਗੋਈ ਸੁਪਰੀਮ ਕੋਰਟ ਦੇ ਅਗਲੇ ਚੀਫ ਜਸਟਿਸ ਹੋਣਗੇ।

ਮਹੱਤਵਪੂਰਣ ਫੈਸਲੇ: ਸੌਮਿਆ ਮਰਡਰ ਕੇਸ 'ਚ ਬਲਾਗ ਲਿਖਣ ਵਾਲੇ ਜਸਟਿਸ ਕਾਟਜੂ ਨੂੰ ਅਦਾਲਤ 'ਚ ਬੁਲਾ ਲਿਆ ਸੀ। ਉਹ ਉਸ ਬੈਂਚ ਦਾ ਹਿੱਸਾ ਸਨ ਜਿਸਨੇ ਲੋਕਸਭਾ ਅਤੇ ਵਿਧਾਨ ਸਭਾ ਚੋਣਾਂ ਲੜਨ ਵਾਲਿਆਂ ਲਈ ਜਾਇਦਾਦ, ਵਿੱਦਿਅਕ ਯੋਗਤਾ ਅਤੇ ਮੁਕੱਦਮਿਆਂ ਦੀ ਜਾਣਕਾਰੀ ਦੇਣਾ ਲਾਜ਼ਮੀ ਕੀਤਾ ਸੀ। ਜਸਟਿਸ ਕਰਣਨ ਨੂੰ ਸਜ਼ਾ ਸੁਣਾਉਣ ਦੇ ਨਾਲ ਜਾਟਾਂ ਨੂੰ ਮਿਲੇ ਓਬੀਸੀ ਕੋਟੇ ਨੂੰ ਖਤਮ ਕਰਨ ਵਾਲੇ ਬੈਂਚ ਵਿਚ ਵੀ ਸ਼ਾਮਿਲ ਸਨ।

3. ਜਸਟਿਸ ਐੱਮਬੀ ਲੋਕੁਰ 64



ਜਸਟਿਸ ਮਦਨ ਭੀਮਰਾਓ ਲੋਕੁਰ ਦਾ ਜਨਮ 31 ਦਸੰਬਰ 1953 ਨੂੁੰ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਦਿੱਲੀ ਦੇ ਮਿਆਰੀ ਮਾਡਰਨ ਸਕੂਲ ਤੋਂ ਕੀਤੀ। 1974 'ਚ ਸੇਂਟ ਸਟੀਫਨਸ ਕਾਲਜ ਤੋਂ ਗ੍ਰੈਜੁਏਸ਼ਨ ਅਤੇ ਦਿੱਲੀ ਲਾਅ ਫੈਕਲਟੀ ਤੋਂ 1977 'ਚ ਐੱਲਐੱਲਬੀ ਦੀ ਪੜ੍ਹਾਈ ਪੂਰੀ ਕੀਤੀ। ਉਹ 1981 'ਚ ਸੁਪਰੀਮ ਕੋਰਟ 'ਚ ਐਡਵੋਕੇਟ ਆਨ ਰਿਕਾਰਡ ਬਣੇ। 1998 'ਚ ਐਡੀਸ਼ਨਲ ਸਾਲਸੀਟਰ ਜਨਰਲ ਆਫ਼ ਇੰਡੀਆ ਰਹੇ। 1999 'ਚ ਦਿੱਲੀ ਹਾਈ ਕੋਰਟ ਦੇ ਜੱਜ ਬਣੇ। 2010 'ਚ ਦਿੱਲੀ ਹਾਈ ਕੋਰਟ 'ਚ ਚੀਫ਼ ਜਸਟਿਸ ਰਹੇ। ਇਸਦੇ ਬਾਅਦ ਗੁਹਾਟੀ ਹਾਈ ਕੋਰਟ ਅਤੇ ਆਂਧਰ ਪ੍ਰਦੇਸ਼ ਹਾਈ ਕੋਰਟ ਦੇ ਵੀ ਚੀਫ਼ ਜਸਟਿਸ ਰਹੇ। 2012 'ਚ ਸੁਪਰੀਮ ਕੋਰਟ ਦੇ ਜੱਜ ਬਣੇ। ਜਸਟਿਸ ਲੋਕੁਰ ਇਸੇ ਸਾਲ ਦਸੰਬਰ ਮਹੀਨੇ 'ਚ ਰਿਟਾਇਰ ਹੋਣਗੇ।

ਮਹੱਤਵਪੂਰਣ ਫੈਸਲੇ-ਉਨ੍ਹਾਂ ਨੇ ਮਾਈਨਿੰਗ ਘੁਟਾਲੇ ਦੇ ਮਾਮਲੇ 'ਚ ਫੈਸਲਾ ਦਿੱਤਾ ਸੀ। ਨਾਬਾਲਿਗ ਪਤਨੀ ਨਾਲ ਜਿਨਸੀ ਸਬੰਧ ਨੂੰ ਜਬਰ ਜਨਾਹ ਦੱਸਦੇ ਹੋਏ ਵੀ ਫੈਸਲਾ ਸੁਣਾਇਆ ਸੀ।

4. ਜਸਟਿਸ ਕੁਰੀਅਨ ਜੋਸਫ



ਜਸਟਿਸ ਕੁਰੀਅਨ ਜੋਸਫ ਦਾ ਜਨਮ ਦਾ ਜਨਮ 30 ਨਵੰਬਰ 1953 ਨੂੰ ਹੋਇਆ ਸੀ। ਉਨ੍ਹਾਂ ਨੇ 1979 'ਚ ਕੇਰਲ ਹਾਈ ਕੋਰਟ 'ਚ ਪ੍ਰੈਕਟਿਸ ਸ਼ੁਰੂ ਕੀਤੀ। ਉਹ 1994 ਤੋਂ 1996 ਤਕ ਐਡੀਸ਼ਨਲ ਐਡਵੋਕੇਟ ਜਨਰਲ ਰਹੇ। ਸਾਲ 2000 'ਚ ਕੇਰਲ ਹਾਈ ਕੋਰਟ ਦੇ ਜੱਜ ਬਣੇ। 2006 ਤੋਂ 2008 ਤਕ ਕੇਰਲ ਜੁਡੀਸ਼ੀਅਲ ਅਕੈਡਮੀ ਦੇ ਚੇਅਰਮੈਨ ਰਹੇ। ਦੋ ਵਾਰੀ ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਰਹਿਣ ਦੇ ਬਾਅਦ 2013 'ਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ 2013 'ਚ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਬਣੇ। 64 ਸਾਲਾ ਜੋਸਫ਼ ਇਸੇ ਸਾਲ ਨਵੰਬਰ ਮਹੀਨੇ 'ਚ ਰਿਟਾਇਰ ਹੋਣਗੇ।

ਮਹੱਤਵਪੂਰਣ ਫੈਸਲੇ- ਬਹੁਚਰਚਿਤ ਤਿੰਨ ਤਲਾਕ ਮਾਮਲੇ 'ਚ ਫੈਸਲਾ ਸੁਣਾਉਣ ਵਾਲੇ ਬੈਂਚ ਦੇ ਮੈਂਬਰ ਸਨ। ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਨੂੰ ਰੱਦ ਕਰਨ ਵਾਲੇ ਬੈਂਚ ਵਿਚ ਵੀ ਸਨ।