Election 2024: ਲੋਕ ਸਭਾ ਚੋਣਾਂ 2024 ਤਹਿਤ ਤੀਜੇ ਪੜਾਅ ਦੀ ਵੋਟਿੰਗ 7 ਮਈ ਨੂੰ ਹੋਣ ਜਾ ਰਹੀ ਹੈ। ਇਸ ਦੌਰਾਨ 11 ਰਾਜਾਂ (10 ਰਾਜ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼) ਦੀਆਂ 93 ਸੀਟਾਂ 'ਤੇ ਵੋਟਿੰਗ ਹੋਵੇਗੀ। ਇਨ੍ਹਾਂ ਰਾਜਾਂ ਵਿੱਚ ਬਿਹਾਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਗੋਆ, ਅਸਾਮ, ਗੁਜਰਾਤ ਅਤੇ ਪੱਛਮੀ ਬੰਗਾਲ ਸ਼ਾਮਲ ਹਨ। ਇਸ ਪੜਾਅ ਵਿੱਚ ਕੁੱਲ 1,352 ਉਮੀਦਵਾਰ ਹਨ। ਜਿਸ ਵਿੱਚ ਚਾਰ ਸਾਬਕਾ ਮੁੱਖ ਮੰਤਰੀ (ਸ਼ਿਵਰਾਜ ਸਿੰਘ ਚੌਹਾਨ, ਦਿਗਵਿਜੇ ਸਿੰਘ, ਜਗਦੀਸ਼ ਸ਼ੈੱਟਰ ਅਤੇ ਬਸਵਰਾਜ ਬੋਮਈ) ਸ਼ਾਮਲ ਹਨ।
ਤੀਜੇ ਪੜਾਅ ਦੀਆਂ ਮਹੱਤਵਪੂਰਨ ਸੀਟਾਂ
1) ਗਾਂਧੀਨਗਰ
ਅਮਿਤ ਸ਼ਾਹ (ਭਾਜਪਾ) ਅਤੇ ਕਾਂਗਰਸ ਦੀ ਸੋਨਲ ਰਮਨਭਾਈ ਪਟੇਲ ਵਿਚਾਲੇ ਮੁਕਾਬਲਾ। 2019 ਵਿੱਚ, ਅਮਿਤ ਸ਼ਾਹ ਪਹਿਲੀ ਵਾਰ ਇੱਥੋਂ ਸੰਸਦ ਮੈਂਬਰ ਚੁਣੇ ਗਏ ਸਨ।
2) ਰਾਜਕੋਟ
ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ (ਭਾਜਪਾ) ਅਤੇ ਕਾਂਗਰਸ ਦੀ ਧਨੀ ਪਰੇਸ਼ ਵਿਚਾਲੇ ਮੁਕਾਬਲਾ ਹੈ।
3) ਪੋਰਬੰਦਰ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ (ਭਾਜਪਾ) ਕਾਂਗਰਸ ਦੇ ਲਲਿਤ ਵਸੋਆ ਤੋਂ ਚੋਣ ਲੜ ਰਹੇ ਹਨ।
4) ਗੁਨਾ
ਭਾਜਪਾ ਦੇ ਜਯੋਤੀਰਾਦਿੱਤਿਆ ਸਿੰਧੀਆ ਅਤੇ ਕਾਂਗਰਸ ਦੇ ਯਾਦਵੇਂਦਰ ਰਾਓ ਦੇਸ਼ਰਾਜ ਸਿੰਘ ਵਿਚਾਲੇ ਟਕਰਾਅ। ਗੁਨਾ ਸਿੰਧੀਆ ਪਰਿਵਾਰ ਦੀ ਰਵਾਇਤੀ ਸੀਟ ਰਹੀ ਹੈ।
5) ਵਿਦਿਸ਼ਾ
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (ਭਾਜਪਾ) ਵਿਦਿਸ਼ਾ ਤੋਂ ਕਾਂਗਰਸ ਦੇ ਪ੍ਰਤਾਪਭਾਨੂ ਸ਼ਰਮਾ ਸਾਹਮਣੇ ਚੋਣ ਲੜ ਰਹੇ ਹਨ। ਵਿਦਿਸ਼ਾ ਦੇਸ਼ ਵਿੱਚ ਭਾਜਪਾ ਦੀ ਸਭ ਤੋਂ ਸੁਰੱਖਿਅਤ ਸੀਟਾਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਅਤੇ ਸੁਸ਼ਮਾ ਸਵਰਾਜ ਵੀ ਇੱਥੋਂ ਸੰਸਦ ਮੈਂਬਰ ਚੁਣੇ ਜਾ ਚੁੱਕੇ ਹਨ।
6) ਰਾਘੋਗੜ
ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ (ਕਾਂਗਰਸ) ਆਪਣੇ ਘਰੇਲੂ ਮੈਦਾਨ 'ਤੇ ਭਾਜਪਾ ਦੇ ਰੋਡਮਲ ਨਾਗਰ ਖ਼ਿਲਾਫ਼ ਚੋਣ ਲੜ ਰਹੇ ਹਨ। ਦਿਗਵਿਜੇ ਸਿੰਘ 1993 'ਚ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦੋ ਵਾਰ ਇੱਥੋਂ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ।
7) ਬਾਰਾਮਤੀ
ਪਵਾਰ ਪਰਿਵਾਰ ਵਿਚਾਲੇ ਸੱਤਾ ਦਾ ਸੰਘਰਸ਼ ਚੱਲ ਰਿਹਾ ਹੈ। ਸ਼ਰਦ ਪਵਾਰ ਦੇ ਖੇਮੇ ਤੋਂ ਉਨ੍ਹਾਂ ਦੀ ਧੀ ਸੁਪ੍ਰੀਆ ਸੁਲੇ ਆਪਣੇ ਭਰਾ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਦੇ ਖਿਲਾਫ ਚੋਣ ਲੜ ਰਹੀ ਹੈ।
8) ਰਤਨਾਗਿਰੀ
ਮਹਾਰਾਸ਼ਟਰ ਦੀ ਇਸ ਹਾਈ ਪ੍ਰੋਫਾਈਲ ਸੀਟ 'ਤੇ ਕੇਂਦਰੀ ਮੰਤਰੀ ਨਰਾਇਣ ਰਾਣੇ (ਭਾਜਪਾ) ਸ਼ਿਵ ਸੈਨਾ (ਯੂਬੀਟੀ) ਦੇ ਸੀਨੀਅਰ ਨੇਤਾ ਵਿਨਾਇਕ ਰਾਉਤ ਨਾਲ ਚੋਣ ਲੜ ਰਹੇ ਹਨ।
9) ਮੈਨਪੁਰੀ
ਇਸ ਵਾਰ ਡਿੰਪਲ ਯਾਦਵ ਯਾਦਵ ਪਰਿਵਾਰ ਦੀ ਰਵਾਇਤੀ ਸੀਟ ਮੈਨਪੁਰੀ ਤੋਂ ਚੋਣ ਲੜ ਰਹੀ ਹੈ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਜੈਵੀਰ ਸਿੰਘ ਨਾਲ ਹੈ। ਭਾਜਪਾ ਕਦੇ ਵੀ ਇਹ ਸੀਟ ਨਹੀਂ ਜਿੱਤ ਸਕੀ। ਜਦੋਂ ਕਿ ਮੈਨਪੁਰੀ ਸੀਟ ਪਿਛਲੇ 26 ਸਾਲਾਂ ਤੋਂ ਸਮਾਜਵਾਦੀ ਪਾਰਟੀ ਦੇ ਕਬਜ਼ੇ ਵਿੱਚ ਹੈ।
10) ਆਗਰਾ
ਕੇਂਦਰੀ ਮੰਤਰੀ ਐਸਪੀ ਸਿੰਘ ਬਘੇਲ (ਭਾਜਪਾ) ਬਨਾਮ ਸੁਰੇਸ਼ ਚੰਦਰ (ਸਮਾਜਵਾਦੀ ਪਾਰਟੀ)।
11) ਉੱਤਰੀ ਗੋਆ
ਕੇਂਦਰੀ ਮੰਤਰੀ ਸ਼੍ਰੀਪਦ ਨਾਇਕ (ਭਾਜਪਾ) ਬਨਾਮ ਕਾਂਗਰਸ ਦੇ ਰਮਾਕਾਂਤ ਖਲਪ।
12) ਬੇਲਗਾਮ
ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੈੱਟਰ (ਭਾਜਪਾ) ਨੂੰ ਕਾਂਗਰਸ ਦੀ ਮ੍ਰਿਣਾਲ ਹੇਬਲਕਰ ਦੀ ਚੁਣੌਤੀ।
13) ਹਾਵੇਰੀ
ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ (ਭਾਜਪਾ)ਤੇ ਕਾਂਗਰਸ ਦੇ ਆਨੰਦਸਵਾਮੀ ਗੱਦਾਦੇਵਰਾਮਨ ਵਿਚਕਾਰ ਮੁਕਾਬਲਾ ਹੈ।
ਕਿੰਨੇ ਕਰੋੜਪਤੀ ਉਮੀਦਵਾਰ ?
ਕਰੋੜਪਤੀ ਉਮੀਦਵਾਰਾਂ ਦੀ ਗੱਲ ਕਰੀਏ ਤਾਂ 392 ਉਮੀਦਵਾਰਾਂ ਕੋਲ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਭਾਵ 29% ਕਰੋੜਪਤੀ ਹਨ। ਜਦੋਂ ਕਿ ਇੱਕ ਉਮੀਦਵਾਰ ਦੀ ਔਸਤ ਜਾਇਦਾਦ 5.66 ਕਰੋੜ ਰੁਪਏ ਹੈ। ਇਸ ਪੜਾਅ ਵਿੱਚ ਸਭ ਤੋਂ ਅਮੀਰ ਉਮੀਦਵਾਰ ਭਾਜਪਾ ਦੀ ਪੱਲਵੀ ਸ੍ਰੀਨਿਵਾਸ ਹਨ, ਜਿਨ੍ਹਾਂ ਨੇ 1,361 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਦੂਜੇ ਸਥਾਨ 'ਤੇ ਭਾਜਪਾ ਦੇ ਜਯੋਤੀਰਾਦਿਤਿਆ ਸਿੰਧੀਆ (424.75 ਕਰੋੜ ਰੁਪਏ) ਅਤੇ ਤੀਜੇ ਸਥਾਨ 'ਤੇ ਕਾਂਗਰਸ ਦੇ ਛਤਰਪਤੀ ਸ਼ਾਹੂ ਸ਼ਾਹਜੀ (342.87 ਕਰੋੜ ਰੁਪਏ) ਹਨ।
ਕਿੰਨੇ ਦਾਗੀ ਉਮੀਦਵਾਰ?
ਚੋਣ ਕਮਿਸ਼ਨ ਮੁਤਾਬਕ ਇਸ ਗੇੜ ਵਿੱਚ ਕੁੱਲ 1,352 ਉਮੀਦਵਾਰ ਮੈਦਾਨ ਵਿੱਚ ਹਨ। ਏਡੀਆਰ ਦੀ ਰਿਪੋਰਟ ਅਨੁਸਾਰ ਕੁੱਲ 1,352 ਉਮੀਦਵਾਰਾਂ ਵਿੱਚੋਂ 244 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ।