ਰੋਹਤਕ: ਦੋਸਤ ਦੇ ਘਰ ਬੇਟਾ ਹੋਣ ਦੀ ਖੁਸ਼ੀ ‘ਚ ਸ਼ਾਮਲ ਹੋਣ ਜਾ ਰਹੇ ਚਾਰ ਦੋਸਤਾਂ ਨਾਲ ਰਾਹ ‘ਚ ਹੀ ਦਰਦਨਾਕ ਹਾਦਸਾ ਵਾਪਰ ਗਿਆ। ਇਸ ‘ਚ ਤਿੰਨ ਦੀ ਮੌਤ ਹੋ ਗਈ ਹੈ ਜਦਕਿ ਇੱਕ ਪੀਜੀਆਈ ਦੇ ਟ੍ਰਾਮਾ ਸੈਂਟਰ ‘ਚ ਜ਼ਿੰਦਗੀ ਤੇ ਮੌਤ ਨਾਲ ਲੜ ਰਿਹਾ ਹੈ। ਇਹ ਹਾਦਸਾ ਕਲਾਨੌਰ ਕਸਬੇ ਕੋਲ ਸੋਮਵਾਰ ਦੇਰ ਰਾਤ ਨੂੰ ਹੋਇਆ ਹੈ। ਪੁਲਿਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ।

ਦੱਸ ਦਈਏ ਕਿ ਮ੍ਰਿਤਕਾਂ ‘ਚ ਇੱਕ ਰੋਹਤਕ ਤੇ ਦੋ ਦਿੱਲੀ ਦੇ ਰਹਿਣ ਵਾਲੇ ਸੀ। ਇਨ੍ਹਾਂ ‘ਚ ਦਿੱਲੀ ਦੀ ਵਿਕਾਸਪੁਰੀ ਦਾ ਰਹਿਣ ਵਾਲਾ ਸੁਰੇਸ਼ ਮਦਾਨ ਵੀ ਸੀ ਜੋ ਗ੍ਰਹਿ ਮੰਤਰਾਲੇ ‘ਚ ਸੈਸ਼ਨ ਅਫਸਰ ਸੀ। ਜਦੋਂ ਇਹ ਸਾਰੇ ਕਲਾਨੌਰ ਬੇਰੀ ਰੋਡ ‘ਤੇ ਮਸੂਦਪੁਰ ਪਿੰਡ ਪਹੁੰਚੇ ਤਾਂ ਅੱਗੇ ਚੱਲ ਰਹੇ ਟਰੱਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ। ਕਾਰ ਆਪਣਾ ਕੰਟਰੋਲ ਖੋਹ ਟਰੱਕ ਹੇਠ ਵੜ ਗਈ।

ਰਾਹਗੀਰਾਂ ਨੇ ਕਾਰ ‘ਚ ਫਸੇ ਲੋਕਾਂ ਨੂੰ ਬਾਹਰ ਕੱਢ ਪੀਜੀਆਈ ਰੈਫਰ ਕੀਤਾ ਜਿਨ੍ਹਾਂ ‘ਚ ਸੁਰੇਸ਼ ਮਦਾਨ, ਮੇਂਦਰ ਤੇ ਰੋਹਤਕ ਵਾਸੀ ਰਣਧੀਰ ਦੀ ਮੌਤ ਹੋ ਗਈ। ਉਨ੍ਹਾਂ ਦੇ ਸਾਥੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਫਿਲਹਾਲ ਕਲਾਨੌਰ ਥਾਣੇ ਦੀ ਪੁਲਿਸ ਨੇ ਘਟਨਾ ਵਾਲੀ ਥਾਂ ਦੀ ਜਾਂਚ ਕਰ ਵਾਹਨਾਂ ਨੂੰ ਕਬਜ਼ੇ ‘ਚ ਲੈ ਲਿਆ ਹੈ। ਹਾਦਸੇ ਬਾਰੇ ਸਬ ਇੰਸਪੈਕਟਰ ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਸਪੀਡ ਬ੍ਰੇਕਰ ‘ਤੇ ਟਰੱਕ ਦੀ ਬ੍ਰੇਕ ਲੱਗਣ ਨਾਲ ਹਾਦਸਾ ਵਾਪਰਿਆ ਹੈ।