ਨਵੀਂ ਦਿੱਲੀ: ਦਿੱਲੀ ਦੇ ਦਰਿਆਗੰਜ ਖੇਤਰ ਵਿੱਚ ਹਿੰਸਾ ਮਾਮਲੇ ਦੇ ਮੁਲਜ਼ਮ ਭੀਮ ਸੈਨਾ ਮੁਖੀ ਚੰਦਰ ਸ਼ੇਖਰ ਆਜ਼ਾਦ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ, ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਦਿੱਲੀ ਪੁਲਿਸ ਦੀ ਚੰਗੀ ਝਾੜ ਕੀਤੀ। ਅਦਾਲਤ ਨੇ ਦਿੱਲੀ ਪੁਲਿਸ ਨੂੰ ਕਿਹਾ, "ਤੁਸੀਂ ਇਸ ਤਰ੍ਹਾਂ ਵਿਵਹਾਰ ਕਰ ਰਹੇ ਹੋ ਜਿਵੇਂ ਜਾਮਾ ਮਸਜਿਦ ਪਾਕਿਸਤਾਨ ਵਿੱਚ ਹੈ। ਜਿੱਥੇ ਕੋਈ ਪ੍ਰਦਰਸ਼ਨ ਨਹੀਂ ਕਰ ਸਕਦਾ ਤੇ ਜੇ ਇਹ ਪਾਕਿਸਤਾਨ ਵਿੱਚ ਵੀ ਹੋਵੇ, ਉੱਥੇ ਪ੍ਰਦਰਸ਼ਨ ਹੋ ਸਕਦਾ ਹੈ ਕਿਉਂਕਿ ਪਾਕਿਸਤਾਨ ਵੀ ਕਦੀ ਭਾਰਤ ਦਾ ਹਿੱਸਾ ਸੀ।


ਜੱਜ ਨੇ ਦਿੱਲੀ ਪੁਲਿਸ ਨੂੰ ਕਿਹਾ, "ਕੀ ਤੁਹਾਨੂੰ ਲਗਦਾ ਹੈ ਕਿ ਸਾਡੀ ਦਿੱਲੀ ਪੁਲਿਸ ਇੰਨੀ ਪਛੜ ਗਈ ਹੈ ਕਿ ਉਨ੍ਹਾਂ ਕੋਲ ਕੋਈ ਰਿਕਾਰਡ ਨਹੀਂ ਹੈ?" ਪੁਲਿਸ ਦੀ ਤਰਫੋਂ ਦਲੀਲ ਦਿੰਦੇ ਹੋਏ ਕਿਹਾ ਗਿਆ ਕਿ ਚੰਦਰਸ਼ੇਖਰ ਨੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਲਈ ਸੀ, ਜਿਸ ਤੇ ਅਦਾਲਤ ਨੇ ਝਿੜਕਦੇ ਹੋਏ ਕਿਹਾ ਕਿ, “ਕਿਹੜੀ ਆਗਿਆ ਦੀ ਗੱਲ ਕਰਦੇ ਹੋ, ਅਸੀਂ ਕਈ ਵਾਰ ਵੇਖਿਆ ਹੈ ਕਿ ਧਾਰਾ 144 ਦੀ ਸ਼ਰੇਆਮ ਉਲੰਘਣਾ ਹੁੰਦੀ ਹੈ। ਜਿਸ ਵਿੱਚ ਕਈ ਵਾਰ ਵੱਡੇ ਨੇਤਾ ਤੇ ਇੱਥੋਂ ਤਕ ਕਿ ਮੁੱਖ ਮੰਤਰੀ ਖੁਦ ਵੀ ਸ਼ਾਮਲ ਹੁੰਦੇ ਹਨ ਤੇ ਇਹ ਪ੍ਰਦਰਸ਼ਨ ਸੰਸਦ ਭਵਨ ਦੇ ਬਾਹਰ ਵੀ ਵੇਖੇ ਗਏ ਹਨ।

ਅਦਾਲਤ ਨੇ ਕਿਹਾ ਕਿ ਵੈਸੇ ਵੀ, ਚੰਦਰਸ਼ੇਖਰ ਇੱਕ ਨੌਜਵਾਨ ਸਿਆਸਤਦਾਨ ਹੈ ਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ।" ਅਦਾਲਤ ਨੇ ਕਿਹਾ ਕਿ ਕਿਸ ਨੇ ਕਿਹਾ ਹੈ ਕਿ ਤੁਸੀਂ ਸ਼ਾਂਤਮਈ ਵਿਰੋਧ ਨਹੀਂ ਕਰ ਸਕਦੇ? ਸੰਵਿਧਾਨ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ।

ਚੰਦਰਸ਼ੇਖਰ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ, ਦਿੱਲੀ ਪੁਲਿਸ ਨੇ ਕਿਹਾ ਕਿ ਚੰਦਰਸ਼ੇਖਰ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਭੜਕਾਉ ਤੇ ਇਤਰਾਜ਼ਯੋਗ ਬਿਆਨ ਦਿੱਤੇ ਸਨ। ਪੁਲਿਸ ਨੇ ਦਲੀਲ ਦਿੱਤੀ ਕਿ ਇਸ ਢੰਗ ਦੇ ਪ੍ਰਦਰਸ਼ਨਾਂ ਨੂੰ ਕਿਸੇ ਵੀ ਧਾਰਮਿਕ ਸਥਾਨ ਦੇ ਬਾਹਰ ਕਰਨ ਦੀ ਆਗਿਆ ਨਹੀਂ। ਇਸ ਤੇ ਅਦਾਲਤ ਨੇ ਕਿਹਾ ਕਿ ਤੁਸੀਂ ਮੈਨੂੰ ਉਹ ਨਿਯਮ ਦਿਖਾਓ ਜੋ ਕਹਿੰਦਾ ਹੈ ਕਿ ਕਿਸੇ ਵੀ ਧਾਰਮਿਕ ਅਸਥਾਨ ਦੇ ਬਾਹਰ ਸ਼ਾਂਤਮਈ ਪ੍ਰਦਰਸ਼ਨ ਨਹੀਂ ਹੋ ਸਕਦਾ?

ਹਾਲਾਂਕਿ, ਚੰਦਰਸ਼ੇਖਰ ਦੀ ਤਰਫੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਉਹ ਸਿਰਫ਼ ਸੀਏਏ ਤੇ ਐਨਆਰਸੀ ਲਈ ਆਪਣਾ ਵਿਰੋਧ ਦਰਜ ਕਰਵਾ ਰਹੇ ਸਨ ਤੇ ਸਿਰਫ਼ ਸੰਵਿਧਾਨ ਪੜ੍ਹ ਰਹੇ ਸਨ। ਦਿੱਲੀ ਪੁਲਿਸ ਨੂੰ ਤਾੜਨਾ ਦੇਣ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ ਐਫਆਈਆਰ ਦੀ ਇੱਕ ਕਾਪੀ ਪੇਸ਼ ਕਰਨ ਲਈ ਕਿਹਾ ਹੈ ਜਿਸ ਦੇ ਅਧਾਰ ਤੇ ਚੰਦਰਸ਼ੇਖਰ ਨੂੰ ਗ੍ਰਿਫਤਾਰ ਕੀਤਾ ਹੈ। ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਵੀਰਵਾਰ ਨੂੰ ਜਾਰੀ ਰਹੇਗੀ।