ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਐਤਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਆਏ 4,03,738 ਮਾਮਲਿਆਂ ਵਿੱਚੋਂ 71.75 ਫ਼ੀਸਦੀ ਮਹਾਰਾਸ਼ਟਰ, ਕਰਨਾਟਕ ਤੇ ਦਿੱਲੀ ਸਮੇਤ 10 ਰਾਜਾਂ ਵਿੱਚ ਹਨ। ਲਿਸਟ ਦੇ ਬਾਕੀ ਰਾਜਾਂ ਵਿੱਚ ਕੇਰਲ, ਤਾਮਿਲਨਾਡੂ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੱਛਮੀ ਬੰਗਲ, ਰਾਜਸਥਾਨ ਤੇ ਹਰਿਆਣਾ ਹੈ।
ਮੰਤਰਾਲੇ ਨੇ ਦੱਸਿਆ ਕਿ ਮਹਾਰਾਸ਼ਟਰ ’ਚ ਸਭ ਤੋਂ ਜ਼ਿਆਦਾ 56,578 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ; ਜਿਸ ਤੋਂ ਬਾਅਦ ਕਰਨਾਟਕ ’ਚ 47,563 ਅਤੇ ਕੇਰਲ ’ਚ 41,971 ਮਾਮਲੇ ਮਿਲੇ ਹਨ। ਮੰਤਰਾਲੇ ਮੁਤਾਬਕ ਕੁੱਲ 30.22 ਕਰੋੜ ਨਮੂਨਿਆਂ ਦੀ ਜਾਂਚ ਪੂਰੇ ਦੇਸ਼ ਵਿੱਚ ਕੀਤੀ ਗਈ ਹੈ; ਜਦ ਕਿ ਰੋਜ਼ਾਨਾ ਕੋਵਿਡ-19 ਦੀ ਲਾਗ ਦਰ 21.64 ਫ਼ੀਸਦੀ ਹੈ।
ਭਾਰਤ ’ਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 37,36,648 ਤੱਕ ਪੁੱਜ ਗਈ ਹੈ ਤੇ ਇਹ ਕੁੱਲ ਮਾਮਲਿਆਂ ਦਾ 16.76 ਫ਼ੀਸਦੀ ਹੈ। 24 ਘੰਟਿਆਂ ਦੌਰਾਨ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਵਿੱਚ 13,202 ਦੀ ਕਮੀ ਆਈ ਹੈ।
ਮੰਤਰਾਲੇ ਨੇ ਦੱਸਿਆ ਕਿ ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲ ਨਾਡੂ, ਉੱਤਰ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ, ਪੱਛਮੀ ਬੰਗਾਲ, ਹਰਿਆਣਾ, ਬਿਹਾਰ, ਮੱਧ ਪ੍ਰਦੇਸ਼ ’ਚ ਦੇਸ਼ ਦੇ 82.94% ਜ਼ੇਰੇ ਇਲਾਜ ਮਰੀਜ਼ ਹਨ। ਮੰਤਰਾਲੇ ਅਨੁਸਾਰ ਰਾਸ਼ਟਰੀ ਮੌਤ ਦਰ ਡਿੱਗ ਰਹੀ ਹੈ ਤੇ ਇਹ ਫ਼ਿਲਹਾਲ 1.09 ਫ਼ੀ ਸਦੀ ਹੈ।
ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 4,092 ਮੌਤਾਂ ਹੋਈਆਂ ਹਨ। ਇਨ੍ਹਾਂ ਵਿੱਚੋਂ 74.93 ਫ਼ੀ ਸਦੀ ਮਰੀਜ਼ਾਂ ਦੀਆਂ ਮੌਤਾਂ 10 ਰਾਜਾਂ ਵਿੱਚ ਹੋਈਆਂ ਹਨ। ਮਹਾਰਾਸ਼ਟਰ ’ਚ ਸਭ ਤੋਂ ਵੱਧ 864 ਲੋਕਾਂ ਦੀ ਜਾਨ ਗਈ ਹੈ। ਇਸ ਤੋਂ ਬਾਅਦ ਕਰਨਾਟਕ ’ਚ 482 ਵਿਅਕਤੀਆਂ ਦੀ ਮੌਤ ਹੋਈ ਹੈ।
ਮੰਤਰਾਲੇ ਨੇ ਦੱਸਿਆ ਕਿ 20 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 10 ਲੱਖ ਦੀ ਆਬਾਦੀ ਉੱਤੇ ਮੌਤ ਰਾਸ਼ਟਰੀ ਔਸਤ (176) ਤੋਂ ਘੱਟ ਹੈ; ਜਦ ਕਿ 16 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਹ ਰਾਸ਼ਟਰੀ ਪੱਧਰ ਤੋਂ ਵੱਧ ਹੈ। ਦੇਸ਼ ਵਿੱਚ ਹੁਣ ਤੱਕ ਕੋਵਿਡ-ਵਿਰੋਧੀ ਟੀਕੇ ਦੀ 16.94 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਮੰਤਰਾਲੇ ਨੇ ਕਿਹਾ ਕਿ ਦੇਸ਼ ’ਚ ਦਿੱਤੀਆਂ ਗਈਆਂ ਟੀਕੇ ਦੀਆਂ ਕੁੱਲ ਖ਼ੁਰਾਕਾਂ ਦਾ 66.78 ਫ਼ੀਸਦੀ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਮੱਧ ਪ੍ਰਦੇਸ਼, ਕੇਰਲ, ਬਿਹਾਰ ਤੇ ਆਂਧਰਾ ਪ੍ਰਦੇਸ਼ ’ਚ ਹੀ ਦਿੱਤਾ ਗਿਆ ਹੈ।