Mobile Recharge Plan: ਹਾਲ ਹੀ 'ਚ ਮੋਬਾਈਲ ਫੋਨ ਰਿਚਾਰਜ ਦੀਆਂ ਦਰਾਂ ਵਧਣ ਨਾਲ ਹਾਹਾਕਾਰ ਮੱਚ ਗਈ ਹੈ। ਟੈਲੀਕਾਮ ਕੰਪਨੀਆਂ ਨੇ ਆਪਣੇ ਪਾਲਨਾਂ ਦੀਆਂ ਦਰਾਂ 25 ਫੀਸਦੀ ਤੋਂ ਜ਼ਿਆਦਾ ਵਧਾ ਦਿੱਤੀਆਂ ਹਨ। ਇਸ ਦੇ ਮੱਦੇਨਜ਼ਰ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਯਾਨੀ ਟਰਾਈ ਨੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ।


ਟੈਲੀਕਾਮ ਰੈਗੂਲੇਟਰ ਦਾ ਕਹਿਣਾ ਹੈ ਕਿ ਫੋਨ ਕੰਪਨੀਆਂ ਦੇ ਗਾਹਕ ਲਗਾਤਾਰ ਦੋਸ਼ ਲਾ ਰਹੇ ਹਨ ਕਿ ਟੈਲੀਕਾਮ ਕੰਪਨੀਆਂ ਉਨ੍ਹਾਂ ਨੂੰ ਅਜਿਹੇ ਪਲਾਨ ਲੈਣ ਲਈ ਮਜਬੂਰ ਕਰ ਰਹੀਆਂ ਹਨ, ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੀ ਨਹੀਂ। ਟੈਲੀਕਾਮ ਰੈਗੂਲੇਟਰ ਨੇ ਕੰਸਲਟੇਸ਼ਨ ਪੇਪਰ ਵਿੱਚ ਸੁਝਾਅ ਮੰਗੇ ਗਏ ਹਨ ਕਿ ਕੀ ਟੈਲੀਕਾਮ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਵਿੱਚ ਸੁਧਾਰ ਕਰਨ ਦੀ ਲੋੜ ਹੈ? ਇਸ ਦੇ ਨਾਲ ਹੀ ਨਵਾਂ ਟੈਰਿਫ ਪਲਾਨ ਸ਼ੁਰੂ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਪਲਾਨ ਸਿਰਫ ਕਾਲ ਤੇ SMS ਦੀ ਇਜਾਜ਼ਤ ਦੇਵੇਗਾ। ਇਸ 'ਚ ਇੰਟਰਨੈੱਟ, OTT ਵਰਗੇ ਫੀਚਰ ਨਹੀਂ ਹੋਣਗੇ।


ਮੋਬਾਈਲ ਰਿਚਾਰਜ ਨੂੰ ਸਸਤਾ ਬਣਾਉਣ ਲਈ ਟੈਲੀਕਾਮ ਰੈਗੂਲੇਟਰੀ ਅਥਾਰਟੀ ਨੇ ਇੱਕ ਸਲਾਹ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਟੈਲੀਕਾਮ ਉਦਯੋਗ ਨਾਲ ਸਬੰਧਤ ਸਾਰੇ ਹਿੱਸੇਦਾਰਾਂ ਤੋਂ ਸਿਰਫ਼ ਕਾਲਿੰਗ ਤੇ ਐਸਐਮਐਸ ਪਲਾਨ ਜਾਰੀ ਕਰਨ ਬਾਰੇ ਸੁਝਾਅ ਮੰਗੇ ਗਏ ਹਨ। ਟੈਲੀਕਾਮ ਰੈਗੂਲੇਟਰ ਨੇ ਟੈਲੀਕਾਮ ਕੰਜ਼ਿਊਮਰ ਪ੍ਰੋਟੈਕਸ਼ਨ ਰੈਗੂਲੇਸ਼ਨ-2012 ਤਹਿਤ ਇਹ ਸਲਾਹ ਪੱਤਰ ਜਾਰੀ ਕੀਤਾ ਹੈ। ਇਸ ਦੇ ਜ਼ਰੀਏ ਟਰਾਈ ਨੇ ਇਸ ਮੁੱਦੇ 'ਤੇ ਫੀਡਬੈਕ ਮੰਗੀ ਹੈ।


ਰੰਗ ਕੋਡਿੰਗ ਪ੍ਰਸਤਾਵ
ਰਿਲਾਇੰਸ ਜੀਓ, ਭਾਰਤੀ ਏਅਰਟੈਲ ਤੇ ਵੋਡਾਫੋਨ ਆਈਡੀਆ ਦੇ ਨਾਲ-ਨਾਲ ਦੇਸ਼ ਦੀ ਸਰਕਾਰੀ ਟੈਲੀਕਾਮ ਕੰਪਨੀ BSNL ਦੇ ਜ਼ਿਆਦਾਤਰ ਫੋਨ ਟੈਰਿਫ ਪਲਾਨ ਕਾਲ ਤੇ ਡੇਟਾ ਦੇ ਨਾਲ SMS ਤੇ OTT ਵਿਕਲਪ ਪੇਸ਼ ਕਰਦੇ ਹਨ। ਟਰਾਈ ਨੇ ਆਪਣੇ ਸਲਾਹ ਪੱਤਰ ਵਿੱਚ ਟੈਲੀਕਾਮ ਆਪਰੇਟਰਾਂ ਨੂੰ ਵਾਊਚਰਜ਼ ਦੀ ਕਲਰ ਕੋਡਿੰਗ ਜਾਰੀ ਕਰਨ ਦਾ ਪ੍ਰਸਤਾਵ ਦਿੱਤਾ ਹੈ। 


ਟਰਾਈ ਨੇ ਦੂਰਸੰਚਾਰ ਕੰਪਨੀਆਂ ਤੋਂ ਪੁੱਛਿਆ ਹੈ ਕਿ ਕੀ ਡਿਜੀਟਲ ਮਾਧਿਅਮ ਵਿੱਚ ਕਲਰ ਕੋਡਿੰਗ ਸਹੀ ਕਦਮ ਹੋਵੇਗਾ? ਇਸ ਲਈ ਸਾਰੇ ਭਾਈਵਾਲਾਂ ਨੂੰ 16 ਅਗਸਤ 2024 ਤੱਕ ਆਪਣੀ ਪ੍ਰਤੀਕਿਰਿਆ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਇਸ ਖਿਲਾਫ 23 ਅਗਸਤ 2024 ਤੱਕ ਰਿਐਕਸ਼ਨ ਜਾਰੀ ਕੀਤਾ ਜਾ ਸਕਦਾ ਹੈ।


ਦੁਨੀਆ ਵਿੱਚ ਸਭ ਤੋਂ ਘੱਟ ਕਾਲ ਦਰਾਂ: ਸਿੰਧੀਆ
ਦੂਰਸੰਚਾਰ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਭਾਰਤ 'ਚ ਹੁਣ 117 ਕਰੋੜ ਮੋਬਾਈਲ ਤੇ 93 ਕਰੋੜ ਇੰਟਰਨੈੱਟ ਕਨੈਕਸ਼ਨ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਾਲ ਦਰਾਂ ਦੁਨੀਆ ਵਿੱਚ ਸਭ ਤੋਂ ਘੱਟ ਹਨ। ਸਿੰਧੀਆ ਨੇ ਕਿਹਾ ਕਿ ਕਾਲ ਦੀ ਪ੍ਰਤੀ ਮਿੰਟ ਦੀ ਕੀਮਤ ਪਹਿਲਾਂ 53 ਪੈਸੇ ਸੀ ਤੇ ਹੁਣ ਇਹ ਸਿਰਫ 3 ਪੈਸੇ 'ਤੇ ਆ ਗਈ ਹੈ, ਜੋ 93 ਫੀਸਦੀ ਦੀ ਕਮੀ ਹੈ। ਇਹ ਦੁਨੀਆ ਦੀਆਂ ਸਭ ਤੋਂ ਘੱਟ ਦਰਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇੱਕ ਜੀਬੀ ਡੇਟਾ ਦੀ ਕੀਮਤ 9.12 ਰੁਪਏ ਹੈ, ਜੋ ਦੁਨੀਆ ਵਿੱਚ ਸਭ ਤੋਂ ਸਸਤਾ ਹੈ।