ਬਾਲਾਸੋਰ ਰੇਲ ਹਾਦਸੇ 'ਚ 290 ਤੋਂ ਵੱਧ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ? ਇਸ ਦਾ ਪਤਾ ਚੱਲ ਗਿਆ ਹੈ। ਆਪਣੀ ਰਿਪੋਰਟ ਵਿੱਚ, ਰੇਲਵੇ ਸੁਰੱਖਿਆ ਕਮਿਸ਼ਨ (ਸੀਆਰਐਸ) ਨੇ ਕਿਹਾ ਕਿ ਰੇਲ ਹਾਦਸਾ ਸਿਗਨਲ ਅਤੇ ਦੂਰਸੰਚਾਰ (ਐਸਐਂਡਟੀ) ਵਿਭਾਗ ਵਿੱਚ ਕਈ ਪੱਧਰਾਂ 'ਤੇ ਖਾਮੀਆਂ ਕਾਰਨ ਵਾਪਰਿਆ ਹੈ। ਕਮਿਸ਼ਨ ਨੇ ਜਾਂਚ ਰਿਪੋਰਟ ਰੇਲ ਮੰਤਰਾਲੇ ਨੂੰ ਸੌਂਪ ਦਿੱਤੀ ਹੈ। 2 ਜੂਨ ਨੂੰ ਕੋਰੋਮੰਡਲ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਕਾਰਨ 900 ਤੋਂ ਵੱਧ ਲੋਕ ਜ਼ਖਮੀ ਹੋਏ ਸਨ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੋ ਖ਼ਰਾਬ ਮੁਰੰਮਤ ਦੇ ਕੰਮਾਂ (ਸਾਲ 2018 ਵਿੱਚ ਅਤੇ ਹਾਦਸੇ ਤੋਂ ਕੁਝ ਘੰਟੇ ਪਹਿਲਾਂ) ਕਾਰਨ ਕੋਰੋਮੰਡਲ ਐਕਸਪ੍ਰੈਸ ਇੱਕ ਹੋਰ ਟ੍ਰੈਕ ਉੱਤੇ ਇੱਕ ਮਾਲ ਗੱਡੀ ਨਾਲ ਟਕਰਾ ਗਈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸੇ ਤਰ੍ਹਾਂ ਦੀ ਘਟਨਾ 16 ਮਈ 2022 ਨੂੰ ਖੜਗਪੁਰ ਰੇਲਵੇ ਡਿਵੀਜ਼ਨ ਦੇ ਅਧੀਨ ਬੰਗਾਲ ਦੇ ਇੱਕ ਸਟੇਸ਼ਨ 'ਤੇ ਵਾਪਰੀ ਸੀ। ਇਸ ਦੌਰਾਨ ਗਲਤ ਵਾਇਰਿੰਗ ਦੇ ਕਾਰਨ ਟਰੇਨ ਵੱਖਰੇ ਰੂਟ 'ਤੇ ਚਲੀ ਗਈ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2 ਜੂਨ ਨੂੰ ਵਾਪਰੀ ਘਟਨਾ ਨੂੰ ਰੋਕਿਆ ਜਾ ਸਕਦਾ ਸੀ ਜੇਕਰ ਸਥਾਨਕ ਸਿਗਨਲ ਸਿਸਟਮ ਵਿੱਚ ਅਕਸਰ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਂਦਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਰੋਮੰਡਲ ਐਕਸਪ੍ਰੈਸ ਦਾ ਹਾਦਸਾ ਪਹਿਲਾਂ ਕੀਤੇ ਗਏ ਸਿਗਨਲ ਸਰਕਟ ਬਦਲਣ ਦੇ ਕੰਮ ਵਿੱਚ ਖ਼ਰਾਬੀ ਕਾਰਨ ਵਾਪਰਿਆ। ਖਾਸ ਗੱਲ ਇਹ ਹੈ ਕਿ ਰਿਪੋਰਟ ਵਿੱਚ ਦਰਜ ਜਾਣਕਾਰੀ ਨੂੰ ਸੀਬੀਆਈ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ, ਇੱਕ ਤੱਥ ਇਹ ਵੀ ਹੈ ਕਿ ਰੇਲ ਮੰਤਰਾਲਾ ਇਸ ਰਿਪੋਰਟ ਨੂੰ ਸਵੀਕਾਰ ਕਰਦਾ ਹੈ ਜਾਂ ਰੱਦ ਕਰ ਸਕਦਾ ਹੈ।
ਆਸਾਨ ਭਾਸ਼ਾ 'ਚ ਸਮਝੋ
ਰਿਪੋਰਟਾਂ ਮੁਤਾਬਕ ਗਲਤ ਸਿਗਨਲ ਕਾਰਨ ਟਰੇਨ 128 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਮਾਲ ਟਰੇਨ ਟ੍ਰੈਕ 'ਤੇ ਪਹੁੰਚ ਗਈ ਸੀ ਅਤੇ ਟਕਰਾ ਗਈ ਸੀ। ਨਤੀਜੇ ਵਜੋਂ, ਜ਼ਿਆਦਾਤਰ ਡੱਬੇ ਪਟੜੀ ਤੋਂ ਉਤਰ ਗਏ ਅਤੇ ਕੁਝ ਬੋਗੀਆਂ ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ ਨਾਲ ਵੀ ਟਕਰਾ ਗਈਆਂ। 2018 ਵਿੱਚ ਜੋ ਮੁਰੰਮਤ ਦੇ ਕੰਮ ਕਰਵਾੲ ਗਏ ਸਨ ਉਸ ਵਿੱਚ ਖਰਾਬ ਕੇਬਲ ਸਮੱਸਿਆਵਾਂ ਵੀ ਸ਼ਾਮਲ ਸੀ, ਜਿਨ੍ਹਾਂ ਦੀ ਮੁਰੰਮਤ ਕੀਤੀ ਗਈ ਸੀ ਪਰ ਸਰਕਟ ਬੋਰਡ 'ਤੇ ਨਿਸ਼ਾਨ ਨਹੀਂ ਲਗਾਇਆ ਗਿਆ ਸੀ। ਜਿਸ ਕਾਰਨ ਉਕਤ ਪੈਨਲ 'ਤੇ ਕੰਮ ਕਰਦੇ ਸਟਾਫ਼ ਨੂੰ 2 ਜੂਨ ਨੂੰ ਇਸ ਬਾਰੇ ਪਤਾ ਨਹੀਂ ਲੱਗ ਸਕਿਆ |