ਨਵੀਂ ਦਿੱਲੀ: ਪੱਛਮੀ ਬੰਗਾਲ, ਤਾਮਿਲਨਾਡੂ ਤੇ ਆਸਾਮ ਵਿੱਚ ਬੀਜੇਪੀ ਨੂੰ ਵੱਡਾ ਸਿਆਸੀ ਝਟਕਾ ਲੱਗਣ ਮਗਰੋਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਵੀ ਚਿੰਤਾ ਵਧ ਗਈ ਹੈ। ਦੋਵਾਂ ਸੂਬਿਆਂ ਵਿੱਚ ਕਿਸਾਨ ਅੰਦੋਲਨ ਦਾ ਕਾਫੀ ਪ੍ਰਭਾਵ ਹੈ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵੱਲ ਰੁਖ਼ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਸੂਬਿਆਂ ’ਚ ਬੀਜੇਪੀ ਦੀਆਂ ਸਰਕਾਰਾਂ ਹਨ ਤੇ ਅਗਲੇ ਸਾਲ ਇੱਥੇ ਚੋਣਾਂ ਹੋਣੀਆਂ ਹਨ।

ਦੱਸ ਦਈਏ ਕਿ ਪੱਛਮੀ ਬੰਗਾਲ ਤੇ ਤਾਮਿਲਨਾਡੂ ਵਿੱਚ ਹਾਰ ਨੇ ਬੀਜੇਪੀ ਨੂੰ ਸਾਖ ਨੂੰ ਵੱਡਾ ਧੱਕਾ ਲਾਇਆ ਹੈ। ਬੀਜੇਪੀ ਲਈ ਇਹ ਵੀ ਫਿਕਰ ਵਾਲੀ ਗੱਲ ਹੈ ਕਿ ਉੱਤਰ ਪ੍ਰਦੇਸ਼ ਵਿੱਚ ਹੋਈ ਪੰਚਾਇਤੀ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨੇ ਵੱਡਾ ਉਲਟ-ਫੇਰ ਕੀਤਾ ਹੈ। ਅਜਿਹੇ ਵਿੱਚ ਕਿਸਾਨਾਂ ਦਾ ਐਲਾਨ ਬੀਜੇਪੀ ਲਈ ਵੱਡਾ ਨੁਕਸਾਨਦੇਹ ਹੋ ਸਕਦਾ ਹੈ।

ਸੰਯੁਕਤ ਕਿਸਾਨ ਮੋਰਚੇ ਨੇ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕਿਸਾਨ ਮੰਗਾਂ ਮੰਨ ਲਵੇ, ਨਹੀਂ ਤਾਂ ਉਸ ਦਾ ਹੋਰ ਵੀ ਸਿਆਸੀ ਤੇ ਸਮਾਜਿਕ ਨੁਕਸਾਨ ਹੋਵੇਗਾ। ਕਿਸਾਨ ਲੀਡਰ ਡਾ. ਦਰਸ਼ਨ ਪਾਲ ਨੇ ਕਿਹਾ, ‘‘ਇਸ ਦੇਸ਼ ਦਾ ਇਤਿਹਾਸ ਗਵਾਹ ਹੈ ਕਿ ਕੋਈ ਵੀ ਸਰਕਾਰ, ਜਿਸ ਨੇ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਸਾਨਾਂ ਤੇ ਆਮ ਲੋਕਾਂ ਨੇ ਉਸ ਸਰਕਾਰ ਨੂੰ ਸਬਕ ਸਿਖਾਇਆ ਹੈ। ਮੋਦੀ ਸਰਕਾਰ ਨੇ ਤਿੰਨ ਖੇਤੀਬਾੜੀ ਕਾਨੂੰਨ ਕਿਸਾਨਾਂ ਲਈ ਡੈੱਥ ਵਰੰਟ ਵਜੋਂ ਲਿਆਂਦੇ ਹਨ।

ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ ਨਹੀਂ ਤਾਂ ਭਾਜਪਾ ਦਾ ਸਿਆਸੀ ਤੇ ਸਮਾਜਿਕ ਨੁਕਸਾਨ ਵਧਦਾ ਜਾਵੇਗਾ।’’ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ 5 ਮਹੀਨੇ ਹੋ ਚੁੱਕੇ ਹਨ। ਕਿਸਾਨਾਂ ਨਾਲ ਸਥਾਨਕ ਲੋਕਾਂ ਦੀ ਨਿਰੰਤਰ ਹਮਦਰਦੀ ਤੇ ਸਹਾਇਤਾ ਰਹੀ ਹੈ। ਭਾਜਪਾ ਵਰਕਰਾਂ ਨੇ ਸਥਾਨਕ ਲੋਕਾਂ ਦੇ ਭੇਸ ਵਿੱਚ ਕਿਸਾਨਾਂ ਦੇ ਧਰਨੇ ਚੁਕਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ।