ਹੈਦਰਾਬਾਦ: ਤੇਲੰਗਾਨਾ ਪੁਲਿਸ ਨੇ ਜੰਗਲਾਤ ਅਧਿਕਾਰੀਆਂ 'ਤੇ ਹਮਲੇ ਤੋਂ ਬਾਅਦ ਸੱਤਾਧਾਰੀ ਤੇਲੰਗਾਨਾ ਰਾਸ਼ਟਰੀ ਸਮਿਤੀ (ਟੀਆਰਐਸ) ਦੇ ਲੀਡਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਮਾਰਾਮ ਭੀਮ ਆਸਿਫਾਬਾਦ ਜ਼ਿਲ੍ਹੇ ‘ਚ ਐਤਵਾਰ ਨੂੰ ਟੀਆਰਐਸ ਨੇਤਾ ਤੇ ਵਰਕਰਾਂ ਨੇ ਜੰਗਲ ਅਧਿਕਾਰੀਆਂ ‘ਤੇ ਹਮਲਾ ਕੀਤਾ ਸੀ। ਵੀਡੀਓ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਭੀੜ ਜੰਗਲ ਵਿਭਾਗ ਦੇ ਅਧਿਕਾਰੀਆਂ ‘ਤੇ ਲਾਠੀਆਂ ਨਾਲ ਅਚਾਨਕ ਹਮਲਾ ਕਰਦੀ ਹੈ। ਇਸ ਦੌਰਾਨ ਇੱਕ ਮਹਿਲਾ ਅਧਿਕਾਰੀ ‘ਤੇ ਕਈ ਲੋਕ ਡਾਂਗਾਂ ਮਾਰਦੇ ਹਨ। ਇਸ ਤੋਂ ਬਾਅਦ ਮਹਿਲਾ ਅਧਿਕਾਰੀ ਟਰੈਕਟਰ ‘ਤੇ ਡਿੱਗ ਜਾਂਦੀ ਹੈ।

ਇਸ ਮਾਮਲੇ ‘ਚ ਜ਼ਿਲ੍ਹਾ ਪ੍ਰੀਸ਼ਦ ਦੇ ਉੱਪ ਪ੍ਰਧਾਨ ਕੇ. ਕ੍ਰਿਸ਼ਨਾ ਰਾਓ ਤੇ ਉਸ ਦੇ ਸਮਰਥਕਾਂ ‘ਤੇ ਕਤਲ ਦੀ ਕੋਸ਼ਿਸ਼, ਵਾਹਨ ਨੂੰ ਨੁਕਸਾਨ ਪਹੁੰਚਾਉਣ ਤੇ ਸਰਕਾਰੀ ਅਧਿਕਾਰੀ ਨੂੰ ਡਿਊਟੀ ਕਰਨ ਤੋਂ ਰੋਕਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਹਮਲੇ ‘ਚ ਇਸ ਤੋਂ ਪਹਿਲਾਂ ਦੂਜੇ ਅਧਿਕਾਰੀ ਤੇ ਪੁਲਿਸ ਵਿੱਚ ਆ ਕੇ ਬਚਾਅ ਕਰ ਪਾਉਂਦੀ ਜੰਗਲਾਤ ਅਧਿਕਾਰੀ ਅਨੀਤਾ ਨੂੰ ਕਾਫੀ ਸੱਟਾਂ ਲੱਗ ਗਈਆਂ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।


ਕ੍ਰਿਸ਼ਨਾ ਰਾਓ ਸਥਾਨਕ ਟੀਆਰਐਸ ਵਿਧਾਇਕ ਕੇ. ਕੱਨਪਾ ਦੇ ਭਰਾ ਹਨ। ਇਸ ਦੌਰਾਨ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮੁੱਖ ਮੰਤਰੀ ਕੱਲਬਕੁੰਤਲ ਚੰਦਰਸ਼ੇਖਰ ਰਾਓ ਨੇ ਇਸ ਨੂੰ ਗੰਭੀਰ ਮਾਮਲਾ ਮੰਨਦੇ ਹੋਏ ਅਧਿਕਾਰੀਆਂ ਨੂੰ ਇਸ ‘ਚ ਸ਼ਾਮਲ ਲੋਕਾਂ ‘ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।