ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਇੱਕ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ। ਇਸ ਫੈਸਲੇ ਮਗਰੋਂ ਸਾਰੇ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਤੇ ਪੁਲਿਸ ਕਰਮਚਾਰੀਆਂ ਦੀਆਂ ਤਸਵੀਰਾਂ ਹੁਣ ਉਨ੍ਹਾਂ ਦੇ ਗੁਨਾਹ ਨਾਲ ਥਾਣਿਆਂ ਦੇ ਨੋਟਿਸ ਬੋਰਡ 'ਤੇ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇਹ ਪ੍ਰਦਰਸ਼ਨ ਸਿਰਫ ਥਾਣੇ ਤੱਕ ਸੀਮਤ ਨਹੀਂ ਰਹੇਗਾ, ਬਲਕਿ ਅਧਿਕਾਰੀ ਇਸ ਨੂੰ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰਨਗੇ। ਇਹ ਫੈਸਲਾ ਸਰਕਾਰ ਨੇ ਪੁਲਿਸ ਦੇ 'ਅਕਸ ਤੇ ਜਨਤਕ ਸੰਪਰਕ' ਦੀ ਪਹਿਲ ਦੇ ਰੂਪ ਵਿੱਚ ਲਿਆ ਹੈ।

ਇਸ ਨਿਰਦੇਸ਼ ਵਿੱਚ ਕਿਹਾ ਗਿਆ ਕਿ, "ਰਿਸ਼ਵਤਖੋਹ ਅਧਿਕਾਰੀਆਂ ਖਿਲਾਫ ਕਾਰਵਾਈ ਨੂੰ ਸੋਸ਼ਲ ਮੀਡੀਆ ਤੇ ਚੰਗੇ ਢੰਗ ਨਾਲ ਪ੍ਰਚਾਰ ਮਿਲੇਗਾ। ਜਿਨ੍ਹਾਂ ਘਟਨਾਵਾਂ ਵਿੱਚ ਇਹ ਸ਼ਾਮਲ ਸੀ, ਉਨ੍ਹਾਂ ਦੀਆਂ ਵੇਰਵਿਆਂ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਲਾ ਕੇ ਪੁਲਿਸ ਥਾਣਿਆਂ 'ਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਸੂਤਰਾਂ ਅਨੁਸਾਰ ਇਹ ਹੁਕਮ ਸਿਰਫ ਹੇਠਲੇ ਪੱਧਰ ਦੇ ਮੁਲਾਜ਼ਮਾਂ ਤੇ ਹੀ ਲਾਗੂ ਨਹੀਂ ਹੋਏਗਾ ਬਲਕਿ ਇਸ ਵਿੱਚ IPS ਲੈਵਲ ਦੇ ਉੱਚ ਅਧਿਕਾਰੀਆਂ ਦੀਆਂ ਤਸਵੀਰਾਂ ਵੀ ਪ੍ਰਮੁੱਖਤਾ ਨਾਲ ਛਾਪੀਆਂ ਜਾਣਗੀਆਂ।

ਨਿਰਦੇਸ਼ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੁਲਿਸ ਦੀ ਸੰਵੇਦਨਸ਼ੀਲਤਾ ਨੂੰ ਦਰਸਾਉਂਦੀ ਵੀਡੀਓ ਤੇ ਫੋਟੋਆਂ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵਿਆਪਕ ਤੌਰ ਤੇ ਸਾਂਝਾ ਕੀਤਾ ਜਾਣਾ ਚਾਹੀਦਾ ਹੈ।