ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਾਲੇ ਜੰਗ ਛਿੜੀ ਹੋਈ ਹੈ। ਅਜਿਹੇ ਵਿੱਚ ਭਾਰਤ ਦੀ ਲਾਟਰੀ ਲੱਗ ਗਈ ਹੈ। ਕੇਂਦਰੀ ਸਿਹਤ ਮੰਤਰੀ, ਡਾ. ਹਰਸ਼ਵਰਧਨ, ਜੋ ਕੋਰੋਨਾ ਸੰਕਟ ਦੌਰਾਨ ਦੇਸ਼ ਭਰ ਵਿੱਚ ਸਿਹਤ ਪ੍ਰਬੰਧਾਂ ਲਈ ਜ਼ਿੰਮੇਵਾਰ ਹਨ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ 34 ਮੈਂਬਰੀ ਕਾਰਜਕਾਰੀ ਬੋਰਡ ਦੇ ਅਗਲੇ ਚੇਅਰਮੈਨ ਹੋਣਗੇ। ਅਧਿਕਾਰੀਆਂ ਨੇ ਦੱਸਿਆ ਕਿ ਹਰਸ਼ਵਰਧਨ 22 ਮਈ ਨੂੰ ਅਹੁਦਾ ਸੰਭਾਲਣਗੇ। ਉਹ ਜਾਪਾਨ ਦੇ ਡਾਕਟਰ ਹੀਰੋਕੀ ਨਕਾਟਾਨੀ ਦੀ ਥਾਂ ਲੈਣਗੇ।

194 ਦੇਸ਼ਾਂ ਦੀ ਵਿਸ਼ਵ ਸਿਹਤ ਅਸੈਂਬਲੀ ਵਿੱਚ, ਮੰਗਲਵਾਰ ਨੂੰ, ਭਾਰਤ ਵਲੋਂ ਦਾਇਰ ਹਰਸ਼ਵਰਧਨ ਦਾ ਨਾਮ ਬਿਨਾਂ ਮੁਕਾਬਲਾ ਚੁਣਿਆ ਗਿਆ। ਇਸ ਤੋਂ ਪਹਿਲਾਂ, ਡਬਲਯੂਐਚਓ ਦੇ ਸਾਊਥ-ਈਸਟ ਏਸ਼ੀਆ ਗਰੁੱਪ ਨੇ ਭਾਰਤ ਨੂੰ ਤਿੰਨ ਸਾਲਾਂ ਲਈ ਬੋਰਡ ਦੇ ਮੈਂਬਰਾਂ ਵਿੱਚ ਸ਼ਾਮਲ ਕਰਨ ਲਈ ਸਹਿਮਤੀ ਦਿੱਤੀ ਸੀ।



ਭਾਰਤ ਕੋਲ ਇੱਕ ਸਾਲ ਲਈ ਚੇਅਰਮੈਨ ਦਾ ਅਹੁਦਾ
ਅਧਿਕਾਰੀਆਂ ਅਨੁਸਾਰ ਕਾਰਜਕਾਰੀ ਬੋਰਡ ਦੀ ਬੈਠਕ 22 ਮਈ ਨੂੰ ਹੋਣੀ ਹੈ। ਇਸ ਵਿੱਚ ਹਰਸ਼ਵਰਧਨ ਦੀ ਚੋਣ ਨਿਸ਼ਚਤ ਹੈ। ਬੋਰਡ ਦੇ ਚੇਅਰਮੈਨ ਦਾ ਅਹੁਦਾ ਇੱਕ ਸਾਲ ਦੇ ਅਧਾਰ 'ਤੇ ਕਈ ਦੇਸ਼ਾਂ ਦੇ ਵੱਖ-ਵੱਖ ਸਮੂਹਾਂ ਵਿੱਚ ਦਿੱਤਾ ਜਾਂਦਾ ਹੈ। ਪਿਛਲੇ ਸਾਲ ਇਹ ਫੈਸਲਾ ਲਿਆ ਗਿਆ ਸੀ ਕਿ ਭਾਰਤ ਅਗਲੇ ਇੱਕ ਸਾਲ ਇਸ ਅਹੁਦੇ 'ਤੇ ਰਹੇਗਾ। ਹਰਸ਼ਵਰਧਨ ਕਾਰਜਕਾਰੀ ਬੋਰਡ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ। ਇਹ ਬੈਠਕ ਸਾਲ ਵਿੱਚ ਦੋ ਵਾਰ ਹੁੰਦੀ ਹੈ।ਪਹਿਲੀ ਜਨਵਰੀ ਤੇ ਦੂਜੀ ਮਈ ਦੇ ਅਖੀਰ ਵਿੱਚ ਹੁੰਦੀ ਹੈ।



WHO ਦੇ ਕਾਰਜਕਾਰੀ ਬੋਰਡ ਦੇ 34 ਮੈਂਬਰ ਸਿਹਤ ਦੇ ਖੇਤਰ ਵਿੱਚ ਕੁਸ਼ਲ ਮਾਹਰ ਹੁੰਦੇ ਹਨ। ਉਹ 194 ਦੇਸ਼ਾਂ ਦੀ ਵਿਸ਼ਵ ਸਿਹਤ ਅਸੈਂਬਲੀ ਤੋਂ 3 ਸਾਲਾਂ ਲਈ ਬੋਰਡ ਲਈ ਚੁਣੇ ਜਾਂਦੇ ਹਨ। ਫਿਰ ਇਨ੍ਹਾਂ ਵਿਚੋਂ ਇੱਕ ਮੈਂਬਰ ਇੱਕ ਸਾਲ ਲਈ ਚੇਅਰਮੈਨ ਬਣ ਜਾਂਦਾ ਹੈ। ਇਸ ਬੋਰਡ ਦਾ ਕੰਮ ਹੈਲਥ ਅਸੈਂਬਲੀ ਵਿੱਚ ਫੈਸਲਿਆਂ ਅਤੇ ਨੀਤੀਆਂ ਨੂੰ ਸਾਰੇ ਦੇਸ਼ਾਂ ਵਿੱਚ ਸਹੀ ਢੰਗ ਨਾਲ ਲਾਗੂ ਕਰਨਾ ਹੈ।