ਲਖਨਊ: ਉਨਾਵ ਗੈਂਗਰੇਪ ਦੀ ਸ਼ਿਕਾਰ ਲੜਕੀ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ ਬਾਅਦ ਜ਼ਿੰਦਗੀ ਤੇ ਮੌਤ ਨਾਲ ਜੰਗ ਲੜ ਰਹੀ ਹੈ। ਪੀੜਤ ਪਰਿਵਾਰ ਕਾਰ ਤੇ ਟਰੱਕ ਦੀ ਹੋਈ ਟੱਕਰ ਨੂੰ ਕਤਲ ਦੀ ਕੋਸ਼ਿਸ਼ ਦੱਸ ਰਿਹਾ ਹੈ। ਉੱਧਰ ਪੁਲਿਸ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਇਸ ਨੂੰ ਸਿਰਫ ਹਾਦਸਾ ਦੱਸਿਆ ਹੈ। ਇਸੇ ਵਿਚਾਲੇ ਰੇਪ ਕੇਸ ਵਿੱਚ ਜੇਲ੍ਹ 'ਚ ਬੰਦ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਖ਼ਿਲਾਫ਼ ਐਕਸੀਡੈਂਟ ਦੇ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।


ਰਾਇਬਰੇਲੀ ਦੇ ਗੁਰਬਕਸ਼ਗੰਜ ਥਾਣੇ ਵਿੱਚ ਸੇਂਗਰ ਤੇ ਕਰੀਬ ਇੱਕ ਦਰਜਨ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਾਰਿਆਂ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਉੱਤਰ ਪ੍ਰਦੇਸ਼ ਦੇ ਡੀਜੀਪੀ ਓਪੀ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਿਰਫ ਹਾਦਸਾ ਹੈ ਪਰ ਪੀੜਤ ਪਰਿਵਾਰ ਨੂੰ ਕਤਲ ਦਾ ਖ਼ਦਸ਼ਾ ਹੈ ਤਾਂ ਸਰਕਾਰ ਇਸ ਦੀ ਸੀਬੀਆਈ ਜਾਂਚ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ, 'ਅਸੀਂ ਟਰੱਕ ਵਾਲਿਆਂ ਨੂੰ ਫੜ ਲਿਆ ਹੈ, ਮਾਲਕ ਤੇ ਡ੍ਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁਰੂਆਤੀ ਤੌਰ 'ਤੇ ਇਹ ਐਕਸੀਡੈਂਟ ਦਾ ਮਾਮਲਾ ਹੈ।'

ਦੱਸ ਦੇਈਏ ਕੱਲ੍ਹ ਉਨਾਵ ਗੈਂਗਰੇਪ ਮਾਮਲੇ 'ਚ ਪੀੜਤ ਲੜਕੀ ਦੀ ਮਾਸੀ ਤੇ ਚਾਚੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪੀੜਤਾ, ਵਕੀਲ ਮਹੇਂਦਰ ਸਿੰਘ ਤੇ ਹੋਰ ਗੰਭੀਰ ਜ਼ਖ਼ਮੀ ਹਨ। ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਿਸ ਟਰੱਕ ਨੇ ਕਾਰ ਨੂੰ ਟੱਕਰ ਮਾਰੀ ਹੈ, ਉਸ ਟਰੱਕ ਦੀ ਨੰਬਰ ਪਲੇਟ 'ਤੇ ਕਾਲਖ਼ ਲਾਈ ਹੋਈ ਸੀ।

ਪੁਲਿਸ ਨੇ ਟਰੱਕ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ। ਧਿਆਨ ਰਹੇ ਉਨਾਵ ਗੈਂਪਰੇਪ ਮਾਮਲੇ ਵਿੱਚ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਮੁਲਜ਼ਮ ਹਨ ਤੇ ਫਿਲਹਾਲ ਜੇਲ੍ਹ ਵਿੱਚ ਹਨ। ਸੀਬੀਆਈ ਮਾਮਲੇ ਦੀ ਜਾਂਚ ਕਰ ਰਹੀ ਹੈ।