ਕਾਨਪੁਰ: ਯੂਪੀ ਦੇ ਕਾਨਪੁਰ ਜ਼ਿਲ੍ਹੇ 'ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਜ਼ਿਲ੍ਹੇ ਦੇ ਸਿਨੇਮਾਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸੋਸ਼ਲ ਮੀਡੀਆ 'ਤੇ ਸਿਨੇਮਾਘਰਾਂ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਪੋਸਟ ਕੀਤੇ ਜਾਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ। ਪੁਲਿਸ ਨੇ ਫਪੌਰਨ ਇਕ ਟੀਮ ਬਣਾਈ ਤੇ ਸਿਨੇਮਾਘਰਾਂ ਦੀ ਤਲਾਸ਼ੀ ਲਈ। ਰਾਹਤ ਦੀ ਗੱਲ ਇਹ ਰਹੀ ਕਿ ਸਿਨੇਮਾਘਰਾਂ 'ਚ ਕਿਸੇ ਤਰ੍ਹਾਂ ਦੀ ਵਿਸਫੋਟਕ ਸਮੱਗਰੀ ਨਹੀਂ ਮਿਲੀ।

ਪੁਲਿਸ ਸੁਪਰਿਟੈਂਡੇਂਟ ਦੀਪਕ ਭੂਕਰ ਨੇ ਦੱਸਿਆ ਕਿ ਕਿਸੇ ਨੇ ਟਵਿਟਰ 'ਤੇ ਕਾਨਪੁਰ ਦੇ ਸਾਊਥ ਐਕਸ ਮੌਲ 'ਚ ਸਥਿਤ ਸਿਨੇਮੈਕਸ ਤੇ ਕਲਿਆਣਪੁਰ ਦੇ ਗੁਰੂਦੇਵ ਪੈਲੇਸ ਤੇ ਮਿਰਾਜ ਸਮੇਤ ਵੱਖ-ਵੱਖ ਸਿਨੇਮਾਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਬੰਬ ਨਿਰੋਧਕ ਦਸਤੇ ਸਿਨੇਮਾਘਰਾਂ 'ਚ ਗਏ ਤੇ ਤਲਾਸ਼ੀ ਲਈ ਗਈ, ਪਰ ਕੋਈ ਵੀ ਵਿਸਫੋਟਕ ਸਮੱਗਰੀ ਨਹੀਂ ਮਿਲੀ।

ਟਵਿੱਟਰ ਤੋਂ ਮਿਲੀ ਧਮਕੀ

ਦੱਸਿਆ ਜਾ ਰਿਹਾ ਹੈ ਕਿ ਸੂਰਿਆਵੰਸ਼ੀ ਬੈਡ-1 ਦੇ ਨਾਂਅ ਤੋਂ ਬਣੇ ਟਵਿਟਰ ਅਕਾਊਂਟ ਤੋਂ ਇਹ ਧਮਕੀ ਦਿੱਤੀ ਗਈ। ਇਸ 'ਚ ਉੱਤਰ ਪ੍ਰਦੇਸ਼ ਪੁਲਿਸ ਤੇ ਕੁਝ ਮੀਡੀਆ ਸੰਸਥਾਵਾਂ ਨੂੰ ਟੈਗ ਕੀਤਾ ਗਿਆ ਸੀ। ਟਵੀਟ ਪੋਸਟ ਕੀਤੇ ਜਾਣ ਤੋਂ ਬਾਅਦ ਇਹ ਅਕਾਊਂਟ ਡਿਲੀਟ ਕਰ ਦਿੱਤਾ ਗਿਆ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ