ਪ੍ਰਯਾਗਰਾਜ: ਯੂਪੀ ਦੇ ਪ੍ਰਯਾਗਰਾਜ ਜ਼ਿਲ੍ਹੇ 'ਚ ਸ਼ਨੀਵਾਰ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪ੍ਰਾਈਵੇਟ ਹਸਪਤਾਲ ਦਾ ਇਕ ਹੈਰਾਨੀਜਨਕ ਮਾਮਲਾ ਦੇਖਣ ਨੂੰ ਮਿਲਿਆ ਹੈ। ਇੱਥੇ ਇਲਾਜ ਲਈ ਪੂਰੀ ਰਕਮ ਨਾ ਦੇ ਸਕਣ ਦੀ ਗੱਲ ਆਖੀ। ਜਿਸ ਤੋਂ ਬਾਅਦ ਤਿੰਨ ਸਾਲ ਦੀ ਬੱਚੀ ਨੂੰ ਆਪਰੇਸ਼ਨ ਟੇਬਲ ਤੋਂ ਬਾਹਰ ਕਰ ਦਿੱਤਾ ਗਿਆ।


ਪੈਸਿਆਂ ਤੋਂ ਬਿਨਾਂ ਇਲਾਜ ਤੋਂ ਅਸਮਰੱਥ ਬੱਚੀ ਦੀ ਸਿਹਤ ਵਿਗੜਦੀ ਗਈ ਤੇ ਆਖਿਰਕਾਰ ਉਸਨੇ ਦਮ ਤੋੜ ਦਿੱਤਾ। ਮਾਮਲਾ ਸਾਹਮਣੇ ਆਉਣ ਮਗਰੋਂ ਜ਼ਿਲ੍ਹਾ ਅਧਿਕਾਰੀ ਭਾਨੂ ਚੰਦਰ ਗੋਸਵਾਮੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।


ਦਰਅਸਲ ਪ੍ਰਯਾਗਰਾਜ ਦੇ ਕਰੇਲੀ ਇਲਾਕੇ ਦੇ ਰਹਿਣ ਵਾਲੇ ਬ੍ਰਹਮਦੀਨ ਮਿਸ਼ਰਾ ਦੀ 3 ਸਾਲ ਦੀ ਬੇਟੀ ਨੂੰ ਪੇਟ ਸਬੰਧੀ ਬਿਮਾਰੀ ਸੀ। ਮਾਪਿਆਂ ਨੇ ਇਲਾਜ ਲਈ ਪ੍ਰਯਾਗਰਾਜ ਦੇ ਧੂਮਨਗੰਜ ਦੇ ਰਾਵਤਪੁਰਾ 'ਚ ਇਕ ਵੱਡੇ ਪ੍ਰਾਵੇਟ ਹਸਪਤਾਲ 'ਚ ਭਰਤੀ ਕਰਵਾਇਆ ਸੀ। ਕੁਝ ਦਿਨਾਂ ਬਾਅਦ ਬੱਚੀ ਦੇ ਪੇਟ ਦਾ ਆਪਰੇਸ਼ਨ ਕੀਤਾ ਗਿਆ ਤੇ ਫਿਰ ਦੋਬਾਰਾ ਪੇਟ ਦਾ ਆਪਰੇਸ਼ਨ ਕੀਤਾ ਗਿਆ। ਬੱਚੀ ਦੇ ਪਿਤਾ ਮੁਤਾਬਕ ਡੇਢ ਲੱਖ ਰੁਪਏ ਦੇਣ ਮਗਰੋਂ ਹਸਪਤਾਲ ਨੇ ਪੰਜ ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਉਨ੍ਹਾਂ ਪੈਸੇ ਨਾ ਦਿੱਤੇ ਤਾਂ ਬੱਚੀ ਸਮੇਤ ਹਸਪਤਾਲ ਪ੍ਰਸ਼ਾਸਨ ਨੇ ਪਰਿਵਾਰ ਨੂੰ ਬਾਹਰ ਕੱਢ ਦਿੱਤਾ।


ਇਸ ਤੋਂ ਬਾਦ ਉਹ ਕਈ ਹਸਪਤਾਲਾਂ 'ਚ ਗਏ ਪਰ ਕਿਸੇ ਨੇ ਇਲਾਜ ਨਹੀਂ ਕੀਤਾ ਤੇ ਬੱਚੀ ਦੀ ਹਾਲਤ ਵਿਗੜਦੀ ਗਈ ਤੇ ਉਸਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੇ ਪਿਤਾ ਦਾ ਇਲਜ਼ਾਮ ਹੈ ਕਿ ਡਾਕਟਰਾਂ ਨੇ ਬੱਚੀ ਦੇ ਆਪਰੇਸ਼ਨ ਮਗਰੋਂ ਟਾਂਕਾ, ਸਿਲਾਈ ਨਹੀਂ ਕੀਤੀ ਜਿਸ ਕਾਰਨ ਦੂਜੇ ਹਸਪਤਾਲਾਂ ਨੇ ਇਲਾਜ ਤੋਂ ਮਨ੍ਹਾ ਕਰ ਦਿੱਤਾ।