ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਹਿੰਦੀ ਦਿਵਸ ਮੌਕੇ ਦੇਸ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਸਰਦਾਰ ਵੱਲਭਭਾਈ ਪਟੇਲ ਦੇ ਸੁਪਨੇ 'ਏਕ ਦੇਸ਼ ਇੱਕ ਭਾਸ਼ਾ' ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੂੰ ਸੱਚ ਕਰਨ ਲਈ ਹਿੰਦੀ ਦੀ ਵਰਤੋਂ ਵਿੱਚ ਵਾਧਾ ਕਰਨਾ ਪਏਗਾ।
ਉਨ੍ਹਾਂ ਟਵੀਟ ਕਰ ਕੇ ਕਿਹਾ, 'ਭਾਰਤ ਵੱਖ-ਵੱਖ ਭਾਸ਼ਾਵਾਂ ਦਾ ਦੇਸ਼ ਹੈ ਤੇ ਹਰ ਭਾਸ਼ਾ ਦਾ ਆਪਣਾ ਮਹੱਤਵ ਹੈ ਪਰ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਅਤਿਅੰਤ ਜ਼ਰੂਰੀ ਹੈ ਜੋ ਵਿਸ਼ਵ ਵਿੱਚ ਭਾਰਤ ਦੀ ਪਛਾਣ ਬਣੇ। ਅੱਜ ਜੇ ਕੋਈ ਭਾਸ਼ਾ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਦਾ ਕੰਮ ਕਰ ਸਕਦੀ ਹੈ ਤਾਂ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ ਹੀ ਹੈ।'
ਇਸ ਤੋਂ ਇਲਾਵਾ ਇੱਕ ਹੋਰ ਟਵੀਟ ਵਿੱਚ, ਉਨ੍ਹਾਂ ਕਿਹਾ, 'ਅੱਜ ਹਿੰਦੀ ਦਿਵਸ ਦੇ ਅਵਸਰ 'ਤੇ ਮੈਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਆਪਣੀ-ਆਪਣੀ ਮਾਂ ਬੋਲੀ ਦੀ ਵਰਤੋਂ ਵਧਾਈਏ ਤੇ ਨਾਲ ਹੀ ਹਿੰਦੀ ਭਾਸ਼ਾ ਦਾ ਵੀ ਇਸਤੇਮਾਲ ਕਰਕੇ ਦੇਸ਼ ਦੀ ਇੱਕ ਭਾਸ਼ਾ ਦੇ ਸਤਿਕਾਰਤ ਬਾਪੂ ਤੇ ਲੋਹ ਪੁਰਸ਼ ਸਰਦਾਰ ਪਟੇਲ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਯੋਗਦਾਨ ਦੇਈਏ।'